GTA News Media

Top Info Bar
22.1°C Toronto Loading date...
Canada

ਕੈਨੇਡਾ ਨੇ ਯੂਕਰੇਨ ਨੂੰ 200 ਬਖ਼ਤਰਬੰਦ ਫ਼ੌਜੀ ਵਾਹਨ ਭੇਜਣ ਦਾ ਕੀਤਾ ਐਲਾਨ

ਕੈਨੇਡਾ ਨੇ ਯੂਕਰੇਨ ਨੂੰ 200 ਬਖ਼ਤਰਬੰਦ ਫ਼ੌਜੀ ਵਾਹਨ ਭੇਜਣ ਦਾ ਕੀਤਾ ਐਲਾਨ
Share this post via:

ਕੈਨੇਡਾ ਦੀ ਡਿਫ਼ੈਂਸ ਮਿਨਿਸਟਰ ਅਨੀਤਾ ਅਨੰਦ ਨੇ ਯੂਕਰੇਨ ਦੌਰੇ ਦੌਰਾਨ ਐਲਾਨ ਕੀਤਾ ਹੈ ਕਿ ਕੈਨੇਡਾ ਯੂਕਰੇਨ ਨੂੰ 200 ਬਖ਼ਤਰਬੰਦ ਫ਼ੌਜੀ ਵਾਹਨ ਡੋਨੇਟ ਕਰੇਗਾ। ਇਹ ਫ਼ੌਜੀ ਵਾਹਨ ਕੈਨੇਡਾ ਵਿਚ ਤਿਆਰ ਕੀਤੇ ਗਏ ਹਨ। ਮਿਨਿਸਟਰ ਅਨੰਦ ਨੇ ਕਿਹਾ ਕਿ ਇਹ ਵਾਹਨ ਅਤਿ-ਆਧੁਨਿਕ ਤਕਨੀਕ ਨਾਲ ਲੈਸ ਹਨ ਅਤੇ ਇਹਨਾਂ ਉੱਪਰ ਅਸਾਨੀ ਨਾਲ ਹਥਿਆਰ ਟਿਕਾਏ ਜਾ ਸਕਦੇ ਹਨ। ਇਹਨਾਂ ਬਖ਼ਤਰਬੰਦ ਵਾਹਨਾਂ ਨਾਲ ਫ਼ੌਜੀਆਂ ਅਤੇ ਉਪਕਰਣਾਂ ਦੀ ਸੁਰੱਖਿਅਤ ਆਵਾਜਾਈ ਵਿਚ ਮਦਦ ਮਿਲੇਗੀ।

ਰੱਖਿਆ ਮੰਤਰੀ ਨੇ ਦੱਸਿਆ ਕਿ ਇਹ ਫ਼ੌਜੀ ਵਾਹਨ, ਓਨਟੇਰਿਓ ਦੇ ਮਿਸਿਸਾਗਾ ਵਿਚ ਅਧਾਰਤ ਕੰਪਨੀ, ਰੌਸ਼ੇਲ, ਤੋਂ 90 ਮਿਲੀਅਨ ਡਾਲਰ ਵਿਚ ਖ਼ਰੀਦੇ ਗਏ ਹਨ। ਪਿਛਲੇ ਮਈ ਵਿਚ ਕੈਨੇਡਾ ਨੇ ਯੂਕਰੇਨ ਵਾਸਤੇ ਰੌਸ਼ੇਲ ਤੋਂ 8 Senator APC ਖ਼ਰੀਦੇ ਸਨ ਅਤੇ ਮਿਨਿਸਟਰ ਅਨੰਦ ਨੇ ਕਿਹਾ ਕਿ ਯੂਕਰੇਨੀ ਮਿਲਿਟ੍ਰੀ ਨੂੰ ਇਹਨਾਂ ਵਾਹਨਾਂ ਦੀ ਅਨੁਕੂਲਤਾ ਬਹੁਤ ਪਸੰਦ ਆਈ ਸੀ। ਅਨੰਦ ਨੇ ਕਿਹਾ, ਇਹ ਵਾਹਨ ਸਮਾਰਟ ਤਕਨੀਕ ਨਾਲ ਲੈਸ ਹਨ ਅਤੇ ਫ਼ੌਜੀਆਂ ਨੂੰ ਖ਼ਤਰਿਆਂ ਦਾ ਛੇਤੀ ਪਤਾ ਲਗਾਉਣ ਵਿੱਚ ਮਦਦ ਕਰਦੇ ਹਨ। ਜਦੋਂ ਖ਼ਤਰੇ ਤੋਂ ਬਚਣਾ ਸੰਭਵ ਨਾ ਹੋਵੇ, ਤਾਂ ਇਹ ਫ਼ੌਜੀ ਵਾਹਨ ਫ਼ੌਜਾਂ ਦੀ ਢਾਲ ਬਣਨ ਵਿਚ ਮਦਦ ਕਰਨਗੇ।

ਯੂਕਰੇਨ ਦੌਰੇ ਤੋਂ ਬਾਅਦ ਉਹ ਸ਼ੁੱਕਰਵਾਰ ਨੂੰ ਜਰਮਨੀ ਵਿਚ ਯੂਕਰੇਨ ਮਾਮਲੇ ‘ਤੇ ਹੋ ਰਹੀ ਬੈਠਕ ਵਿਚ ਹਿੱਸਾ ਲੈਣਗੇ। ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੂੰ ਫ਼ੌਜੀ, ਵਿੱਤੀ ਅਤੇ ਮਨੁੱਖੀ ਸਹਾਇਤਾ ਵਿਚ ਕੈਨੇਡਾ ਹੁਣ ਤੱਕ ਤਕਰੀਬਨ 5 ਬਿਲੀਅਨ ਡਾਲਰ ਦਾ ਯੋਗਦਾਨ ਪਾ ਚੁੱਕਾ ਹੈ। ਸੈਂਕੜੇ ਕੈਨੇਡੀਅਨ ਸੈਨਿਕ ਵੀ ਬ੍ਰਿਟੇਨ ਅਤੇ ਪੋਲੈਂਡ ਵਿੱਚ ਯੂਕਰੇਨੀ ਫ਼ੌਜੀਆਂ ਨੂੰ ਸਿਖਲਾਈ ਦੇ ਰਹੇ ਹਨ।