ਕੈਨੇਡਾ: ਸਰੀ ਦੇ ਸਕੂਲ ‘ਚ 18 ਸਾਲਾ ਪੰਜਾਬੀ ਨੌਜਵਾਨ ਦਾ ਕਤਲ
ਸਰੀ ‘ਚ ਇੱਕ 18 ਸਾਲਾ ਲੜਕੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। RCMP ਨੇ ਉਸ ਨੌਜਵਾਨ ਦੀ ਪਛਾਣ ਮਹਿਕਪ੍ਰੀਤ ਸੇਠੀ ਵਜੋਂ ਕੀਤੀ ਹੈ।ਮਹਿਕਪ੍ਰੀਤ ਸੇਠੀ (18) ‘ਤੇ ਦੁਪਹਿਰ 12 ਵਜੇ ਤੋਂ ਠੀਕ ਬਾਅਦ ਸ਼ਹਿਰ ਦੇ ਨਿਊਟਨ ਇਲਾਕੇ ਦੇ ਤਾਮਨਵਿਸ ਸੈਕੰਡਰੀ ਸਕੂਲ ਦੇ ਬਾਹਰ ਹਮਲਾ ਹੋਇਆ ਸੀ। ਜਿਸਦੀ ਹਸਪਤਾਲ ‘ਚ ਮੌਤ ਹੋ ਗਈ।
ਮ੍ਰਿਤਕ ਮਹਿਕਪ੍ਰੀਤ ਦੇ ਪਿਤਾ ਨੇ ਕਿਹਾ ਕਿ ਇਹ ਸਾਰਾ ਕੁਝ ਇਕ ਕੁੜੀ ਕਰਕੇ ਹੋਇਆ ਹੈ। ਕੁੜੀ ਦੇ ਹੋਰ ਵੀ ਦੋਸਤ ਸਨ ਜੋ ਮਹਿਕਪ੍ਰੀਤ ਨੂੰ ਨਹੀਂ ਪਸੰਦ ਕਰਦੇ ਸਨ। ਜਿਸ ਤੋਂ ਬਾਅਦ ਇਕ ਸੋਚੀ ਸਮਝੀ ਸਾਜਿਸ਼ ਤੋਂ ਬਾਅਦ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਮਹਿਕਪ੍ਰੀਤ ਦੀ ਭੈਣ ਨੇ ਕਿਹਾ ਜਦੋਂ ਸਾਰੀ ਘਟਨਾ ਵਾਪਰੀ ਤਾਂ ਸਕੂਲ ਜਾਂ ਹਸਪਤਾਲ ਵਲੋਂ ਕੋਈ ਵੀ ਜਾਣਕਾਰੀ ਨਹੀਂ ਦਿਤੀ ਗਈ ਕਿ ਮਹਿਕਪ੍ਰੀਤ ਕਿਹੜੇ ਹਸਪਤਾਲ ਹੈ ਜਾਂ ਫਿਰ ਉਸਨੂੰ ਚਾਕੂ ਕਿਥੇ ਵੱਜਿਆ। ਮਹਿਕਪ੍ਰੀਤ ਦੀ ਭੈਣ ਨੇ ਦਸਿਆ ਕਿ ਉਹ ਆਪਣੇ ਛੋਟੇ ਭਰਾ ਨੂੰ ਸਕੂਲ ਤੋਂ ਲੈਣ ਗਿਆ ਸੀ।ਭੈਣ ਆਪਣੇ ਭਰਾ ਨੂੰ ਜਲਦ ਇਨਸਾਫ ਦਵਾਉਣ ਦੀ ਮੰਗ ਕਰ ਰਹੀ ਹੈ।
RCMP ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰ 12:08 ਵਜੇ ਸਕੂਲ ਦੇ ਬਾਹਰ ਛੁਰੇਬਾਜ਼ੀ ਦੀ ਘਟਨਾ ਸਬੰਧੀ ਸੂਚਨਾ ਮਿਲੀ । ਉਨ੍ਹਾਂ ਦੱਸਿਆ ਕਿ ਛੁਰੇਬਾਜ਼ੀ ਦੀ ਘਟਨਾ ਵਿਚ ਜ਼ਖ਼ਮੀ ਇੱਕ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਇੱਕ 17 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। IHIT ਨੇ ਕਿਹਾ ਕਿ ਉਹ ਮੰਨਦੇ ਹਨ ਕਿ ਸ਼ੱਕੀ ਅਤੇ ਮਹਿਕਪ੍ਰੀਤ ਸੇਠੀ ਇੱਕ-ਦੂਜੇ ਨੂੰ ਜਾਣਦੇ ਸਨ। ਪੁਲਸ ਉਨ੍ਹਾਂ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਨੇ ਚਾਕੂ ਮਾਰਦੇ ਦੇਖਿਆ ਹੈ ਜਾਂ ਜਿਨ੍ਹਾਂ ਕੋਲ ਘਟਨਾ ਦੀ ਸੈਲਫੋਨ ਵੀਡੀਓ ਹੈ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ IHIT ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।