GTA News Media

Top Info Bar
22.1°C Toronto Loading date...
Canada

NDP ਲੀਡਰ ਜਗਮੀਤ ਸਿੰਘ ਨੇ ਨਿੱਝਰ ਦੇ ਕਤਲ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ

NDP ਲੀਡਰ ਜਗਮੀਤ ਸਿੰਘ ਨੇ ਨਿੱਝਰ ਦੇ ਕਤਲ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ
Share this post via:

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਪਬਲਿਕ ਸੇਫ਼ਟੀ ਮਿਨਿਸਟਰ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜਗਮੀਤ ਸਿੰਘ ਨੇ ਮਿਨਿਸਟਰ ਮਾਰਕੋ ਮੈਂਡੀਚੀਨੋ ਨੂੰ ਭੇਜੇ ਇੱਕ ਖੁੱਲ੍ਹੇ ਪੱਤਰ ਵਿਚ ਲਿਖਿਆ ਕਿ ਇਸ ਬੇਰਹਿਮ ਹਿੰਸਕ ਘਟਨਾ ਤੋਂ ਬਾਅਦ ਸਿੱਖ ਭਾਈਚਾਰਾ ਪਹਿਲਾਂ ਨਾਲੋਂ ਵੀ ਜ਼ਿਆਦਾ ਫ਼ਿਕਰਮੰਦ ਅਤੇ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦਾ ਬੀਤੇ ਐਤਵਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਜਗਮੀਤ ਸਿੰਘ ਨੇ ਮੈਂਡੀਚੀਨੋ ਨੂੰ ਲਿਖਿਆ, “ਪਬਲਿਕ ਸੇਫ਼ਟੀ ਮਿਨਿਸਟਰ ਹੋਣ ਦੇ ਨਾਤੇ, ਇਹ ਯਕੀਨੀ ਬਣਾਉਣ ਲਈ ਕਿ ਹਰ ਕੈਨੇਡੀਅਨ ਸੁਰੱਖਿਅਤ ਮਹਿਸੂਸ ਕਰੇ, ਤੁਹਾਡੇ ਇਖ਼ਤਿਆਰ ਵਿਚ ਜੋ ਕੁਝ ਵੀ ਹੋਵੇ ਉਹ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ” ਜਗਮੀਤ ਸਿੰਘ ਨੇ ਲਿਖਿਆ ਕਿ ਟੋਰੌਂਟੋ ਸਟਾਰ ਅਤੇ ਵੈਨਕੂਵਰ ਸੰਨ ਵਿਚ ਸਾਹਮਣੇ ਆਏ ਦੋਸ਼ਾਂ ਦੀ ਤਹਿ ਤੱਕ ਜਾਇਆ ਜਾਣਾ ਚਾਹੀਦਾ ਹੈ। ਜਗਮੀਤ ਨੇ ਆਪਣੇ ਪੱਤਰ ਵਿਚ, ਕੁਝ ਹਫ਼ਤੇ ਪਹਿਲਾਂ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੱਲੋਂ ਭਾਰਤ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮੁੱਖ ਸਰੋਤਾਂ ਵਿਚੋਂ ਇੱਕ ਆਖੇ ਜਾਣ ਦਾ ਵੀ ਜ਼ਿਕਰ ਕੀਤਾ ਅਤੇ ਮੈਂਡੀਚੀਨੋ ਦੇ ਵਿਭਾਗ ਨੂੰ ਇਨ੍ਹਾਂ ਮੁੱਦਿਆਂ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ।

ਕੁਝ ਮੀਡੀਆ ਰਿਪੋਰਟਾਂ ਵਿਚ ਨਿੱਝਰ ਦੇ ਵਕੀਲ ਦਾ ਹਵਾਲਾ ਦਿੰਦਿਆਂ ਇਹ ਲਿਖਿਆ ਗਿਆ ਹੈ ਕਿ ਕੈਨੇਡਾ ਦੀ ਖ਼ੂਫ਼ੀਆ ਏਜੰਸੀ ਨੇ ਨਿੱਝਰ ਨੂੰ ਉਸਦੀ ਜ਼ਿੰਦਗੀ ਖ਼ਤਰੇ ਵਿਚ ਹੋਣ ਦੀ ਚਿਤਾਵਨੀ ਦਿੱਤੀ ਸੀ। ਕੈਨੇਡੀਅਨ ਪ੍ਰੈੱਸ ਅਨੁਸਾਰ ਮੰਗਲਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿਚ ਨਿਊ ਯੌਰਕ ਅਧਾਰਿਤ ਵਕੀਲ ਗੁਰਪਤਵੰਤ ਸਿੰਘ ਪੰਨੂੰ ਨੇ ਆਖਿਆ ਕਿ ਨਿੱਜਰ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਨਿੱਜਰ ਨਾਲ ਫ਼ੋਨ ‘ਤੇ ਗੱਲ ਕੀਤੀ ਸੀ। ਪੰਨੂੰ ਅਨੁਸਾਰ ਨਿੱਜਰ ਨੇ ਇੱਕ ਅਣਅਧਿਕਾਰਤ ਖ਼ਾਲਿਸਤਾਨ ਰਿਫ਼ਰੈਂਡਮ ਅਤੇ ਭਾਰਤ ਸਰਕਾਰ ਵੱਲੋਂ ਨਿੱਜਰ ਦੀ ਸੂਹ ਦੇਣ ਵਾਲੇ ਨੂੰ ਇਨਾਮ ਰੱਖੇ ਜਾਣ ਕਰਕੇ, ਸੁਰੱਖਿਆ ਨੂੰ ਖ਼ਤਰਾ ਹੋਣ ਸਬੰਧੀ ਗੱਲ ਕੀਤੀ ਸੀ।

ਜੁਲਾਈ ਵਿਚ NIA ਨੇ 10 ਲੱਖ ਰੁਪਏ, ਯਾਨੀ 16,000 ਡਾਲਰ ਦਾ ਇਨਾਮ ਰੱਖਿਆ ਸੀ। ਪੰਨੂੰ ਨੇ ਕਿਹਾ ਕਿ ਉਸਨੂੰ ਕੋਈ ਸ਼ੱਕ ਨਹੀਂ ਕਿ ਇਹ ਕਤਲ ਭਾਰਤ ਸਰਕਾਰ ਦੇ ਨਿਰਦੇਸ਼ਾਂ ਤੇ ਹੋਇਆ ਹੈ, ਜਿਸ ਦਾ ਇਲਜ਼ਾਮ ਹੈ ਕਿ ਨਿੱਝਰ ਭਾਰਤ ਵਿਚ ਕਈ ਹਿੰਸਕ ਜਾਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਸੀ। ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਨਿੱਝਰ ਦੀ ਮੌਤ ਬਾਰੇ ਟਿੱਪਣੀ ਮੰਗੇ ਜਾਣ ਦਾ ਤੁਰੰਤ ਜਵਾਬ ਨਹੀਂ ਦਿੱਤਾ।