ਨਸ਼ਾ ਤਸਕਰੀ ਦੇ ਮਾਮਲੇ ‘ਚ ਭਾਰਤੀ ਮੂਲ ਦੇ ਤਿੰਨ ਵਿਅਕਤੀ ਗ੍ਰਿਫ਼ਤਾਰ
ਕੈਨੇਡਾ ਵਿੱਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮੈਕਸੀਕੋ ਤੇ ਉੱਤਰੀ ਅਮਰੀਕੀ ਦੇਸ਼ਾਂ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਮੁਕੱਦਮੇ ਲਈ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਵੇਗਾ। RCMP ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਆਯੂਸ਼ ਸ਼ਰਮਾ (25) ਅਤੇ ਗੁਰਅਮ੍ਰਿਤ ਸੰਧੂ (60), ਦੋਵੇਂ ਬਰੈਂਪਟਨ ਤੋਂ ਅਤੇ ਕੈਲਗਰੀ ਤੋਂ ਸ਼ੁਭਮ ਕੁਮਾਰ (29) ਨੂੰ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ।
ਸਿੱਧੂ, ਜਿਸ ਨੂੰ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ, ‘ਤੇ ਕਥਿਤ ਤੌਰ ‘ਤੇ ਸਪਲਾਇਰ ਵਜੋਂ ਕੈਨੇਡਾ ਨੂੰ ਵੱਡੇ ਪੱਧਰ ‘ਤੇ ਨਿਯੰਤਰਿਤ ਪਦਾਰਥਾਂ ਦੀ ਤਸਕਰੀ ਅਤੇ ਨਿਰਯਾਤ ਕਰਨ ਦਾ ਦੋਸ਼ ਹੈ। ਦੋਸ਼ਾਂ ਅਨੁਸਾਰ ਸਿੱਧੂ ਨੇ ਇੱਕ ਪ੍ਰਬੰਧਕ, ਸੁਪਰਵਾਈਜ਼ਰ ਅਤੇ ਮੈਨੇਜਰ ਵਜੋਂ ਕੰਮ ਕੀਤਾ ਅਤੇ ਇਸ ਭੂਮਿਕਾ ਵਿੱਚ ਕਾਫ਼ੀ ਆਮਦਨ ਅਤੇ ਸਰੋਤ ਪ੍ਰਾਪਤ ਕੀਤੇ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਘੱਟੋ-ਘੱਟ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਦੋਸ਼ਾਂ ਵਿੱਚ ਸ਼ਰਮਾ ਅਤੇ ਕੁਮਾਰ ਦੀ ਪਛਾਣ ਸੈਮੀ ਟਰੱਕ ਡਰਾਈਵਰ ਵਜੋਂ ਹੋਈ ਹੈ ਜੋ ਕੈਨੇਡਾ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿੱਚ ਸ਼ਾਮਲ ਸਨ। ਦੋਵੇਂ ਦੋਸ਼ਾਂ ਵਿਚ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਦੀ ਗਤੀਵਿਧੀ ਦਾ ਦੋਸ਼ ਲਗਾਇਆ ਗਿਆ ਹੈ ਜਿਸ ਵਿਚ ਲਗਭਗ 845 ਕਿਲੋਗ੍ਰਾਮ ਮੈਥਾਮਫੇਟਾਮਾਈਨ, 951 ਕਿਲੋਗ੍ਰਾਮ ਕੋਕੀਨ, 20 ਕਿਲੋਗ੍ਰਾਮ ਫੈਂਟਾਨਾਇਲ, ਅਤੇ 4 ਕਿਲੋਗ੍ਰਾਮ ਹੈਰੋਇਨ ਸ਼ਾਮਲ ਹੈ। ਜਾਂਚ ਦੌਰਾਨ 900,000 ਡਾਲਰ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ ਸੀ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਥੋਕ ਕੀਮਤ 16-28 ਮਿਲੀਅਨ ਡਾਲਰ ਦੇ ਵਿਚਕਾਰ ਸੀ।