GTA News Media

Top Info Bar
22.1°C Toronto Loading date...
Canada

ਪਰਿਵਾਰਾਂ ਦੇ ਘਰੇਲੂ ਝਗੜਿਆਂ ਵਿਚ ਵੱਖ ਹੋਣ ‘ਤੇ ਪਾਲਤੂ ਜਾਨਵਰਾਂ ਦੀ ਕਸਟਡੀ ਸਬੰਧੀ ਕਾਨੂੰਨ ਵਿਚ ਤਬਦੀਲੀਆਂ

ਪਰਿਵਾਰਾਂ ਦੇ ਘਰੇਲੂ ਝਗੜਿਆਂ ਵਿਚ ਵੱਖ ਹੋਣ ‘ਤੇ ਪਾਲਤੂ ਜਾਨਵਰਾਂ ਦੀ ਕਸਟਡੀ ਸਬੰਧੀ ਕਾਨੂੰਨ ਵਿਚ ਤਬਦੀਲੀਆਂ
Share this post via:

ਘਰੇਲੂ ਝਗੜਿਆਂ ਵਿਚ ਪਰਿਵਾਰਾਂ ਦੇ ਵੱਖ ਹੋਣ ‘ਤੇ ਪਾਲਤੂ ਜਾਨਵਰਾਂ ਦੀ ਕਸਟਡੀ ਕਿਸ ਕੋਲ ਹੋਵੇ, ਇਸ ਬਾਰੇ ਬੀਸੀ ਸਰਕਾਰ ਨੇ ਸੋਮਵਾਰ ਨੂੰ ਫ਼ੈਮਿਲੀ ਕਾਨੂੰਨ ਵਿਚ ਤਬਦੀਲੀਆਂ ਪੇਸ਼ ਕੀਤੀਆਂ ਹਨ। ਅਟੌਰਨੀ ਜਨਰਲ ਨਿਕੀ ਸ਼ਰਮਾ ਨੇ ਕਿਹਾ ਕਿ ਪਰਿਵਾਰਾਂ ਵਿੱਚ ਪਾਲਤੂ ਜਾਨਵਰਾਂ ਦੀ ਅਹਿਮ ਭੂਮਿਕਾ ਨੂੰ ਹੁਣ ਬੀਸੀ ਦੇ ਫ਼ੈਮਿਲੀ ਲਾਅ ਐਕਟ ਦੀਆਂ ਸੋਧਾਂ ਵਿੱਚ ਵਿਚਾਰਿਆ ਜਾਵੇਗਾ, ਜੋ ਜਾਨਵਰਾਂ ਦੀ ਕਸਟਡੀ ਦੇ ਵਿਵਾਦਾਂ ਵਿੱਚ ਸ਼ਾਮਲ ਲੋਕਾਂ ਅਤੇ ਜੱਜਾਂ ਲਈ ਕਾਨੂੰਨ ਨੂੰ ਸਪੱਸ਼ਟ ਕਰਦੀਆਂ ਹਨ। ਕਾਨੂੰਨ ਪੇਸ਼ ਕਰਨ ਤੋਂ ਬਾਅਦ ਇੱਕ ਇੰਟਰਵਿਊ ਵਿਚ ਨਿਕੀ ਸ਼ਰਮਾ ਨੇ ਕਿਹਾ, ਇਹ ਇੱਕ ਅਜਿਹਾ ਮੁੱਦਾ ਹੈ ਜੋ ਇੱਕ ਪਰਿਵਾਰ ਦੇ ਟੁੱਟਣ ਸਮੇਂ ਬਹੁਤ ਸੰਵੇਦਨਸ਼ੀਲ ਅਤੇ ਚੁਣੌਤੀਪੂਰਨ ਹੋ ਸਕਦਾ ਹੈ। ਪਾਲਤੂ ਜਾਨਵਰਾਂ ਦੀ ਨਿਗਰਾਨੀ ਦੇ ਜੁੰਮੇ (custody) ਦੇ ਵਿਵਾਦਾਂ ਨੂੰ ਪਹਿਲਾਂ ਜਾਇਦਾਦ ਦੀ ਵੰਡ ਵਜੋਂ ਨਿਪਟਾਇਆ ਜਾਂਦਾ ਰਿਹਾ ਹੈ, ਪਰ ਜੇਕਰ ਸੋਧਾਂ ਪਾਸ ਹੋ ਜਾਂਦੀਆਂ ਹਨ, ਤਾਂ ਪਾਲਤੂ ਜਾਨਵਰਾਂ ਦੇ ਪਰਿਵਾਰ ਨਾਲ ਸਬੰਧਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਦੀ ਕਸਟਡੀ ਵਿੱਚ ਬਦਲਾਅ ਕੈਨੇਡਾ ਵਿੱਚ ਪੇਸ਼ ਕੀਤੇ ਜਾਣ ਵਾਲੇ ਅਜਿਹੇ ਪਹਿਲੇ ਕਾਨੂੰਨ ਹਨ। ਅਸੀਂ ਜਾਣਦੇ ਹਾਂ ਕਿ ਪਾਲਤੂ ਜਾਨਵਰ ਪਰਿਵਾਰ ਦੇ ਸੱਚਮੁੱਚ ਪਿਆਰੇ ਮੈਂਬਰ ਹੁੰਦੇ ਹਨ ਅਤੇ ਜਦੋਂ ਇਹ ਗੱਲ ਆਉਂਦੀ ਹੈ ਕਿ ਪਾਲਤੂ ਜਾਨਵਰਾਂ ਨਾਲ ਸਮਾਂ ਕਿਵੇਂ ਵੰਡਣਾ ਹੈ, ਜਾਂ ਜੇ ਉਹ ਇਹ ਨਹੀਂ ਕਰ ਸਕਦੇ, ਤਾਂ ਪਾਲਤੂ ਜਾਨਵਰ ਦੀ ਕਸਟਡੀ ਬਾਬਤ ਜੱਜ ਕੋਲੋਂ ਆਰਡਰ ਪ੍ਰਾਪਤ ਕਰਨ ਲਈ, ਜਾਂ ਆਪਣੇ ਖ਼ੁਦ ਦੇ ਸਮਝੋਤੇ ਤਿਆਰ ਕਰਨ ਲਈ ਇਹ ਸੋਧਾਂ ਲੋਕਾਂ ਲਈ ਅਸਾਨੀ ਪੈਦਾ ਕਰਨਗੀਆਂ।

ਫ਼ੈਮਿਲੀ ਲਾਅ ਐਕਟ ਵਿੱਚ ਸੋਮਵਾਰ ਨੂੰ ਪੇਸ਼ ਕੀਤੀਆਂ ਗਈਆਂ ਹੋਰ ਸੋਧਾਂ ਵਿੱਚ ਅਲਿਹਦਗੀ ਜਾਂ ਤਲਾਕ ਤੋਂ ਗੁਜ਼ਰ ਰਹੇ ਜੋੜਿਆਂ ਅਤੇ ਪਰਿਵਾਰਾਂ ਲਈ ਜਾਇਦਾਦ ਤੇ ਪੈਨਸ਼ਨ ਦੇ ਮੁੱਦਿਆਂ ਲਈ ਆਧੁਨਿਕ ਸਮੇਂ ਦੀਆਂ ਤਬਦੀਲੀਆਂ ਸ਼ਾਮਲ ਹਨ। ਪ੍ਰਸਤਾਵਿਤ ਸੋਧਾਂ ਅੱਜ ਦੇ ਲੋਕਾਂ ਦੀਆਂ ਤਰਜੀਹਾਂ ਅਤੇ ਕਦਰਾਂ-ਕੀਮਤਾਂ ਨੂੰ ਬਿਹਤਰ ਢੰਗ ਨਾਲ ਦਰਸਾਉਂਦੀਆਂ ਹਨ, ਜਿਸ ਵਿੱਚ ਇਹ ਯਕੀਨੀ ਬਣਾਉਣਾ ਵੀ ਸ਼ਾਮਲ ਹੈ ਕਿ ਵੱਖ ਹੋਣ ਦੀ ਪ੍ਰਕਿਰਿਆ ਵਿੱਚ ਪਾਲਤੂ ਜਾਨਵਰਾਂ ਦੀ ਅਹਿਮ ਭੂਮਿਕਾ ਨੂੰ ਵੀ ਮੰਨਿਆ ਜਾਵੇ। ਤਬਦੀਲੀਆਂ ਦਰਸਾਉਂਦੀਆਂ ਹਨ ਕਿ ਕਿਵੇਂ ਪਾਲਤੂ ਜਾਨਵਰਾਂ ਨੂੰ ਫਰਨੀਚਰ ਵਰਗੀ ਬੇਜਾਨ ਸੰਪਤੀ ਦੀ ਬਜਾਏ ਸਮਾਜ ਵਿੱਚ ਵਿਲੱਖਣ ਪਰਿਵਾਰਕ ਮੈਂਬਰ ਵਜੋਂ ਕਦਰ ਕੀਤੀ ਜਾਂਦੀ ਹੈ।

ਦ ਕੈਨੇਡੀਅਨ ਪ੍ਰੈੱਸ