GTA News Media

Top Info Bar
22.1°C Toronto Loading date...
Canada Crime

ਪੰਜਾਬੀ ਪਰਿਵਾਰ ‘ਤੇ ਹਮਲੇ ਨੂੰ ਲੈ ਕੇ ਨਵੀਂ ਅਪਡੇਟ

ਪੰਜਾਬੀ ਪਰਿਵਾਰ ‘ਤੇ ਹਮਲੇ ਨੂੰ ਲੈ ਕੇ ਨਵੀਂ ਅਪਡੇਟ
Share this post via:

ਕੈਲੇਡਨ ਦੇ ਇੱਕ ਘਰ ‘ਚ ਸੋਮਵਾਰ ਰਾਤ ਵਾਪਰੀ ਖੂਨੀ ਵਾਰਦਾਤ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਇੱਕ ਪਿਕਅੱਪ ਟਰੱਕ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਸ ਨੂੰ ਵਾਰਦਾਤ ਨਾਲ ਜੋੜਿਆ ਗਿਆ ਹੈ। ਤਸਵੀਰਾਂ ਵਿਚ ਕਾਲੇ ਰੰਗ ਦਾ ਪਿਕਅੱਪ ਟਰੱਕ ਮੇਅਫੀਲਡ ਰੋਡ ‘ਤੇ ਪੱਛਮ ਵੱਲ ਜਾਂਦਾ ਨਜ਼ਰ ਆ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਉਹੀ ਟਰੱਕ ਹੈ ਜੋ ਬਾਅਦ ਵਿਚ ਓਲਡ ਬੇਸਲਾਈਨ ਅਤੇ ਕ੍ਰੈਡਿਟਵਿਊ ਰੋਡਜ਼ ਨੇੜ੍ਹੇ ਸੜਦਾ ਹੋਇਆ ਮਿਲਿਆ। ਵਾਰਦਾਤ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਸੀ ਜਦਕਿ ਦੋ ਔਰਤਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।

ਪੁਲਿਸ ਵੱਲੋਂ ਗੋਲੀਬਾਰੀ ਦਾ ਸ਼ਿਕਾਰ ਬਣੇ ਪਰਵਾਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਪਰਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਮਰਨ ਵਾਲਾ ਗੁਰਸਿੱਖ ਵਿਜ਼ਟਰ ਵੀਜ਼ਾ ‘ਤੇ ਆਪਣੇ ਬੱਚਿਆਂ ਕੋਲ ਕੈਨੇਡਾ ਆਇਆ ਸੀ। ਪੁਲਿਸ ਨੇ ਕਿਹਾ ਕਿ ਗੋਲੀਬਾਰੀ ਦਾ ਕਥਿਤ ਜ਼ਿੰਮੇਵਾਰ, ਪਿਕਅੱਪ ਟਰੱਕ ‘ਚ ਬੈਠ ਕੇ ਫਰਾਰ ਹੋਇਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਟੈਕਟਿਵ ਇੰਸਪੈਕਟਰ ਬਰਾਇਨ ਮੈਕਡਰਮਟ ਨੇ ਦੱਸਿਆ ਕਿ ਪੜਤਾਲ ਨੂੰ ਅੱਗੇ ਵਧਾਉਂਦਿਆਂ ਇਹ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਸੋਮਵਾਰ ਸ਼ਾਮ ਇਹ ਪਿਕਅੱਪ ਕਿਸ ਦੇ ਸੰਪਰਕ ‘ਚ ਸੀ।

ਹਸਪਤਾਲ ਵਿਚ ਦਾਖਲ ਔਰਤਾਂ ਦੀ ਹਾਲਤ ਸਥਿਰ ਹੋਣ ਦਾ ਜ਼ਿਕਰ ਕਰਦਿਆਂ ਮੈਕਡਰਮਟ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰ ਕੇ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ। ਹਰ ਸਵਾਲ ਦਾ ਜਵਾਬ ਤਲਾਸ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂਕਿ ਕਾਤਲਾਂ ਨੂੰ ਇਨਸਾਫ ਦੇ ਕਟਹਿਰੇ ‘ਚ ਖੜ੍ਹਾ ਕੀਤਾ ਜਾ ਸਕੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਸਬੰਧਤ ਇਲਾਕੇ ਵਿਚ ਮੌਜੂਦ ਕਿਸੇ ਵਿਅਕਤੀ ਕੋਲ 20 ਨਵੰਬਰ ਨੂੰ ਰਾਤ 11 ਵਜੇ ਤੋਂ ਦੇਰ ਰਾਤ 12.30 ਵਜੇ ਤੱਕ ਦੀ ਡੈਸਕੈਮ ਵੀਡੀਓ ਮੌਜੂਦ ਹੈ ਤਾਂ ਉਹ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ।