ਬੈਟਰੀ ਪਲਾਂਟ ਨਾਲ ਫ਼ੈਡਰਲ ਸਰਕਾਰ ਨੂੰ ਆਵੇਗਾ $16 ਬਿਲੀਅਨ ਤੋਂ ਵੱਧ ਖ਼ਰਚਾ : Budget Officer
ਪਾਰਲੀਮੈਂਟਰੀ ਬਜਟ ਅਫਸਰ ਦੇ ਇੱਕ ਵਿਸ਼ਲੇਸ਼ਣ ਅਨੁਸਾਰ, ਓਨਟੇਰਿਓ ਦੇ ਸੇਂਟ ਥੌਮਸ ਵਿਚ ਬਣਨ ਵਾਲੇ ਫ਼ੌਕਸਵੈਗਨ ਦੇ ਬੈਟਰੀ ਪਲਾਂਟ ਨਾਲ ਫ਼ੈਡਰਲ ਸਰਕਾਰ ਨੂੰ 16 ਬਿਲੀਅਨ ਡਾਲਰ ਤੋਂ ਵੱਧ ਦਾ ਖ਼ਰਚਾ ਆਵੇਗਾ ਅਤੇ ਇਸ ਪਲਾਂਟ ਦਾ ਆਰਥਿਕ ਲਾਭ ਮਾਮੂਲੀ ਹੋਵੇਗਾ। ਇੱਕ ਨਿਊਜ਼ ਰਿਲੀਜ਼ ਵਿਚ ਪਾਰਲੀਮੈਂਟਰੀ ਬਜਟ ਅਫਸਰ ਈਵ ਜਿਰੌ ਨੇ ਕਿਹਾ, ਸਾਡੇ ਵਿਸ਼ਲੇਸ਼ਣ ਦੇ ਆਧਾਰ ‘ਤੇ, ਫ਼ੌਕਸਵੈਗਨ ਲਈ ਫ਼ੈਡਰਲ ਸਰਕਾਰ ਦੀ ਵਿੱਤੀ ਵਚਨਬੱਧਤਾ, ਸਮਝੌਤੇ ਦੀ ਮਿਆਦ ਦੇ ਦੌਰਾਨ, ਲਗਭਗ $16.3 ਬਿਲੀਅਨ ਹੋਵੇਗੀ
।
ਫ਼ੈਡਰਲ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਫ਼ੌਕਸਵੈਗਨ ਨਾਲ ਕੀਤੇ ਗਏ ਸਮਝੌਤੇ ਦਾ ਐਲਾਨ ਕੀਤਾ ਸੀ। ਕੈਨੇਡਾ ਸਰਕਾਰ ਅਗਲੇ ਦਹਾਕੇ ਦੌਰਾਨ ਕੰਪਨੀ ਨੂੰ ਉਤਪਾਦਨ ਸਬਸਿਡੀਆਂ ਵਿੱਚ $13.2 ਬਿਲੀਅਨ ਤੱਕ ਪ੍ਰਦਾਨ ਕਰਨ ਲਈ ਸਹਿਮਤ ਹੋਈ ਸੀ। ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਇਸ ਡੀਲ ਦੀ ਲਾਗਤ ਦੀ ਆਲੋਚਨਾ ਕਰ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਮਿਨਿਸਟਰ, ਫ਼੍ਰੈਂਸਿਆ ਫ਼ਿਲਿਪ ਸ਼ੈਂਪੇਨ ਨੇ ਇਸ ਨੂੰ ਆਰਥਿਕ ਵਰਦਾਨ ਆਖਿਆ ਹੈ ਜੋ ਲਗਭਗ 3,000 ਨੌਕਰੀਆਂ ਲਿਆਏਗਾ ਅਤੇ ਕੈਨੇਡੀਅਨ ਅਰਥਚਾਰੇ ਵਿਚ ਇਸਦਾ ਮੁੱਲ 200 ਬਿਲੀਅਨ ਹੋਵੇਗਾ।
ਸੈਂਪੇਨ ਉਕਤ ਡੀਲ ਨੂੰ ਕੈਨੇਡੀਅਨ ਆਰਥਿਕਤਾ ਲਈ ‘ਗੇਮ-ਚੇਂਜਰ’ ਆਖ ਚੁੱਕੇ ਹਨ। ਜਿਰੌ ਨੇ ਇੱਕ ਨਿਊਜ਼ ਕਾਨਫ਼੍ਰੰਸ ਵਿੱਚ ਕਿਹਾ ਕਿ ਪੀਬੀਓ ਨੇ ਉਤਪਾਦਨ ਸਬਸਿਡਿਜ਼ ਦੇ ਮੁਕਾਬਲੇ ਪਲਾਂਟ ਦੇ ਵਿਆਪਕ ਆਰਥਿਕ ਪ੍ਰਭਾਵਾਂ ਨੂੰ ਨਹੀਂ ਦੇਖਿਆ ਹੈ। ਉਨ੍ਹਾਂ ਕਿਹਾ, ਅਜਿਹਾ ਕਰਨ ਲਈ ਫ਼ੌਕਸਵੈਗਨ ਤੋਂ ਗੁਪਤ ਵਪਾਰਕ ਜਾਣਕਾਰੀ ਦੀ ਲੋੜ ਹੋਵੇਗੀ ਜੋ ਪੀਬੀਓ ਨੂੰ ਜਨਤਕ ਕਰਨ ਦੀ ਇਜਾਜ਼ਤ ਨਹੀਂ ਹੈ। ਜਿਰੌ ਨੇ ਕਿਹਾ ਕਿ ਫ਼ੈਡਰਲ ਸਰਕਾਰ ਨੇ ਪੀਬੀਓ ਨੂੰ ਸਮਝੌਤੇ ਦੇ ਵੇਰਵੇ ਪ੍ਰਦਾਨ ਕੀਤੇ ਹਨ ਜੋ ਅਜੇ ਜਨਤਕ ਨਹੀਂ ਹਨ।