GTA News Media

Top Info Bar
22.1°C Toronto Loading date...
Canada Featured

ਲਿਬਰਲ ਗੰਨ ਕੰਟਰੋਲ ਬਿਲ ਸ਼ਾਹੀ ਮਨਜ਼ੂਰੀ ਤੋਂ ਬਾਅਦ ਬਣੇਗਾ ਕਾਨੂੰਨ

ਲਿਬਰਲ ਗੰਨ ਕੰਟਰੋਲ ਬਿਲ ਸ਼ਾਹੀ ਮਨਜ਼ੂਰੀ ਤੋਂ ਬਾਅਦ ਬਣੇਗਾ ਕਾਨੂੰਨ
Share this post via:

ਲਿਬਰਲ ਸਰਕਾਰ ਦਾ ਗੰਨ ਕੰਟਰੋਲ ਬਿਲ ਸੈਨੇਟ ਵਿਚ ਪਾਸ ਹੋ ਗਿਆ ਹੈ ਅਤੇ ਹੁਣ ਇਹ ਬਿਲ ਕਾਨੂੰਨ ਦਾ ਰੂਪ ਇਖ਼ਤਿਆਰ ਕਰੇਗਾ। ਇਹ ਬਿੱਲ ਸੈਨੇਟ ਵਿੱਚ ਬਿਨਾਂ ਕਿਸੇ ਸੋਧ ਦੇ 24 ਦੇ ਮੁਕਾਬਲੇ 60 ਵੋਟਾਂ ਨਾਲ ਪਾਸ ਹੋ ਗਿਆ। ਇਹ ਹੁਣ ਅਧਿਕਾਰਤ ਤੌਰ ‘ਤੇ ਕਾਨੂੰਨ ਬਣਨ ਲਈ ਸ਼ਾਹੀ ਮੰਜ਼ੂਰੀ ਦੀ ਉਡੀਕ ਵਿਚ ਹੈ। ਬਿਲ ਸੀ-21 ਮਈ 2022 ਵਿਚ ਪੇਸ਼ ਕੀਤਾ ਗਿਆ ਸੀ ਪਰ ਇੱਕ ਲਿਬਰਲ ਐਮਪੀ ਦੁਆਰਾ ਕਈ ਵਿਵਾਦਪੂਰਨ ਸੋਧਾਂ ਜਿਨ੍ਹਾਂ ਦਾ ਬੰਦੂਕ ਦੇ ਹਿਮਾਇਤੀ ਸਮੂਹਾਂ ਅਤੇ ਵਿਰੋਧੀ ਪਾਰਟੀਆਂ ਨੇ ਜ਼ੋਰਦਾਰ ਵਿਰੋਧ ਕੀਤਾ ਸੀ, ਤੋਂ ਬਾਅਦ ਇਸ ਬਿਲ ਨੂੰ ਕਈ ਵਿਧਾਨਕ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪਿਆ।

ਇਸ ਕਾਨੂੰਨ ਵਿਚ ਹੈਂਡਗੰਨ ਦੀ ਵਿਕਰੀ ‘ਤੇ ਰੋਕ ਲਾਉਣ, ਹਥਿਆਰਾਂ ਦੀ ਤਸਕਰੀ ‘ਤੇ ਜੁਰਮਾਨੇ ਵਧਾਉਣ ਅਤੇ ਹੋਮ-ਮੇਡ ਘੋਸਟ ਗੰਨਜ਼ ਯਾਨੀ ਦੇਸੀ ਬੰਦੂਕਾਂ ਨੂੰ ਠੱਲ ਪਾਉਣ ਦੀ ਵਿਵਸਥਾ ਹੈ।ਬਿੱਲ ਵਿੱਚ ਅਸੌਲਟ-ਸਟਾਈਲ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਜੋ ਇੱਕ ਨਵੀਂ ਤਕਨੀਕੀ ਪਰਿਭਾਸ਼ਾ ਦੇ ਅਧੀਨ ਆਉਂਦੇ ਹਨ। ਸਰਕਾਰ ਨੇ ਅਸੌਲਟ-ਸਟਾਈਲ ਹਥਿਆਰਾਂ ਦੀ ਇੱਕ ਵਧੇਰੇ ਸਖ਼ਤ ਪਰਿਭਾਸ਼ਾ ਦਾ ਪ੍ਰਸਤਾਵ ਦਿੱਤਾ ਸੀ, ਪਰ ਇਸਦਾ ਵਿਰੋਧ ਹੋਣ ਤੋਂ ਬਾਅਦ ਫਰਵਰੀ ਵਿੱਚ ਬਿੱਲ ਵਿੱਚ ਕਈ ਸੋਧਾਂ ਨੂੰ ਛੱਡ ਦਿੱਤਾ ਗਿਆ ਸੀ। ਉਹਨਾਂ ਸੋਧਾਂ ਤਹਿਤ ਕੋਈ ਵੀ ਰਾਈਫ਼ਲ ਜਾਂ ਸ਼ੌਟਗਨ ਜਿਸ ਵਿਚ ਪੰਜ ਤੋਂ ਵੱਧ ਰਾਊਂਡਾਂ ਵਾਲੇ ਮੈਗਜ਼ੀਨ ਪੈ ਸਕਦੇ ਸਨ ਸ਼ਾਮਲ ਕੀਤੀ ਗਈ ਸੀ।

ਹਥਿਆਰਾਂ ਦੇ ਹਿਮਾਇਤੀਆਂ ਨੇ ਕਿਹਾ ਕਿ ਬਿੱਲ ਵਿਚ ਉਨ੍ਹਾਂ ਨਿਯਮਾਂ ਨੂੰ ਸ਼ਾਮਲ ਕਰਨ ਨਾਲ ਸ਼ਿਕਾਰ ਕਰਨ ਲਈ ਵਰਤੀਆਂ ਜਾਂਦੀਆਂ ਕਈ ਆਮ ਰਾਈਫਲਾਂ ‘ਤੇ ਪਾਬੰਦੀ ਲੱਗ ਜਾਣੀ ਸੀ। ਗੰਨ ਹਿੰਸਾ ਦੇ ਪੀੜਤਾਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕਰਦੇ ਇੱਕ ਗਰੁੱਪ PolySeSouvient ਜਿਸ ਵਿਚ ਮੌਂਟਰੀਅਲ ਵਿਚ 1989 ਵਿਚ ਵਾਪਰੇ ਇਕੋਲ ਪੌਲੀਟੈਕਨਿਕ ਗੋਲੀਕਾਂਡ ਦੇ ਸਰਵਾਈਵਰ ਵੀ ਸ਼ਾਮਲ ਹਨ ਅਤੇ ਜਿਸਨੇ ਸਰਕਾਰ ਵੱਲੋਂ ਉਕਤ ਸੋਧਾਂ ਛੱਡਣ ਨੂੰ ਲੈਕੇ ਨਿੰਦਾ ਕੀਤੀ ਸੀ, ਨੇ ਬਿਲ ਸੀ-21 ਦੇ ਸੈਨੇਟ ਵਿਚ ਪਾਸ ਹੋਣ ਦਾ ਸਵਾਗਤ ਕੀਤਾ ਹੈ। ਪਰ ਕੈਨੇਡੀਅਨ ਕੋਲੀਸ਼ਨ ਫ਼ੌਰ ਫ਼ਾਇਰਆਰਮ ਰਾਈਟਸ ਨੇ ਕਿਹਾ ਕਿ ਇਹ ਕਾਨੂੰਨ ਗ਼ੈਰ-ਵਾਜਿਬ ਤੌਰ ‘ਤੇ ਬੰਦੂਕ ਮਾਲਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ।

(ਸੀਬੀਸੀ ਨਿਊਜ਼)