ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੂੰ ਤੇਜ਼ ਰਫ਼ਤਾਰ ਗੱਡੀ ਚਲਾਉਣ ਕਾਰਨ 273 ਡਾਲਰ ਦਾ ਜੁਰਮਾਨਾ ਹੋਇਆ ਹੈ। ਫ਼੍ਰੀਲੈਂਡ ਨੂੰ ਐਲਬਰਟਾ ਵਿਚ ਗ੍ਰੈਂਡ ਪ੍ਰੇਰੀ ਅਤੇ ਪੀਸ ਰਿਵਰ ਦੇ ਦਰਮਿਆਨ 132 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਰੋਕਿਆ ਗਿਆ ਸੀ।
ਫ਼੍ਰੀਲੈਂਡ ਦੀ ਸਪੋਕਸਪਰਸਨ, ਕੈਥਰੀਨ ਕਪਲਿਨਸਕੈਸ ਨੇ ਦੱਸਿਆ ਕਿ ਫ਼੍ਰੀਲੈਂਡ ਨੇ ਜੁਰਮਾਨੇ ਦੀ ਪੂਰੀ ਰਕਮ ਅਦਾ ਕਰ ਦਿੱਤੀ ਹੈ। ਦਸ ਦਈਏ ਕਿ ਐਲਬਰਟਾ ਦੇ ਹਾਈਵੇਜ਼ ਉੱਪਰ ਵੱਧ ਤੋਂ ਵੱਧ ਸਪੀਡ ਲਿਮਿਟ 110 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਖ਼ਬਰ ਨੂੰ ਸਭ ਤੋਂ ਪਹਿਲਾਂ ਇੱਕ ਵੈੱਬਸਾਈਟ ਕਾਊਂਟਰ ਸਿਗਨਲ ਨੇ ਨਸ਼ਰ ਕੀਤਾ ਸੀ।
ਫ਼੍ਰੀਲੈਂਡ, ਜੋਕਿ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਵੀ ਹਨ, ਟੋਰੌਂਟੋ ਦੀ ਯੂਨੀਵਰਸਿਟੀ-ਰੋਜ਼ਡੇਲ ਰਾਈਡਿੰਗ ਦੀ ਨੁਮਾਇੰਦਗੀ ਕਰਦੀ ਹਨ ਅਤੇ ਉਨ੍ਹਾਂ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਉਹਨਾਂ ਕੋਲ ਕਾਰ ਤੱਕ ਨਹੀਂ ਹੈ। ਪਿਛਲੇ ਮਹੀਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਫ਼੍ਰੀਲੈਂਡ ਨੇ ਕਿਹਾ ਸੀ, ਇਹ ਗੱਲ ਮੇਰੇ ਪਿਤਾ ਨੂੰ ਅਜੇ ਵੀ ਹੈਰਾਨ ਕਰਦੀ ਹੈ ਕਿ ਮੇਰੇ ਕੋਲ ਕਾਰ ਹੀ ਨਹੀਂ ਹੈ।
(ਸੀਬੀਸੀ)