GTA News Media

Top Info Bar
22.1°C Toronto Loading date...
Canada Featured

COVID-19 ਬੈਨਿਫ਼ਿਟਸ ਦੇ ਅਣਉਚਿਤ ਭੁਗਤਾਨ, CRA ਨੇ 120 ਮੁਲਾਜ਼ਮ ਨੌਕਰੀ ਤੋਂ ਬਰਖ਼ਾਸਤ

COVID-19 ਬੈਨਿਫ਼ਿਟਸ ਦੇ ਅਣਉਚਿਤ ਭੁਗਤਾਨ, CRA ਨੇ 120 ਮੁਲਾਜ਼ਮ ਨੌਕਰੀ ਤੋਂ ਬਰਖ਼ਾਸਤ
Share this post via:

ਕੈਨੇਡਾ ਰੈਵਨਿਊ ਏਜੰਸੀ ਨੇ ਕੋਵਿਡ-19 ਬੈਨਿਫ਼ਿਟਸ ਦਾ ਫ਼ਾਇਦਾ ਚੁੱਕਣ ਵਾਲੇ ਆਪਣੇ 120 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਹੈ। CRA ਵੱਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਏਜੰਸੀ ਨੇ ਆਪਣੇ ਮੁਲਾਜ਼ਮਾਂ ਦੁਆਰਾ ਕੋਵਿਡ-19 ਮਹਾਂਮਾਰੀ ਸਬੰਧੀ ਸ਼ੁਰੂ ਕੀਤੇ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨਿਫ਼ਿਟ (CERB) ਨੂੰ ਅਢੁੱਕਵੇਂ ਤੌਰ ‘ਤੇ ਪ੍ਰਾਪਤ ਕਰਨ ਦੀ ਅੰਦਰੂਨੀ ਜਾਂਚ ਸ਼ੁਰੂ ਕੀਤੀ ਸੀ, ਜਿਸ ਵਿਚ ਕਰੀਬ 600 ਮੁਲਾਜ਼ਮ ਸ਼ੱਕ ਦੇ ਘੇਰੇ ਵਿਚ ਸਨ।

ਏਜੰਸੀ ਨੇ ਦੱਸਿਆ ਕਿ ਹੁਣ ਤੱਕ 120 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਦੀ ਜਾਂਚ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਜਾਰੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸੀਆਰਏ ਮੁਲਾਜ਼ਮ ਜਿਸ ਨੇ ਗ਼ਲਤ ਤਰੀਕੇ ਨਾਲ ਬੈਨਿਫ਼ਿਟਸ ਪ੍ਰਾਪਤ ਕੀਤੇ ਹਨ ਉਸਨੂੰ ਪ੍ਰਾਪਤ ਕੀਤੀ ਰਕਮ ਮੋੜਨੀ ਪਵੇਗੀ। ਜਿਸ ਮੁਲਾਜ਼ਮ ‘ਤੇ ਅਪਰਾਧਿਕਤਾ ਦਾ ਸ਼ੱਕ ਹੋਵੇਗਾ ਉਸ ਦਾ ਕੇਸ ਪੁਲਿਸ ਨੂੰ ਭੇਜ ਦਿੱਤਾ ਜਾਵੇਗਾ।

ਕੈਨੇਡਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੌਰਾਨ ਸਾਲ 2020 ਵਿਚ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨਿਫ਼ਿਟ (CERB) ਨਾਂ ਦਾ ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਤਹਿਤ ਕੋਵਿਡ ਲੌਕਡਾਊਨਾਂ ਦੌਰਾਨ ਨੌਕਰੀਆਂ ਗੁਆਉਣ ਵਾਲੇ ਕੈਨੇਡੀਅਨਜ਼ ਦੀ ਵਿੱਤੀ ਮਦਦ ਕੀਤੀ ਜਾਂਦੀ ਸੀ। ਇਸ ਸਹਾਇਤਾ ਪ੍ਰੋਗਰਾਮ ਤਹਿਤ ਕੋਵਿਡ-19 ਤੋਂ ਸਿੱਧੇ ਤੌਰ ‘ਤੇ ਪ੍ਰਭਾਵਿਤ ਨੌਕਰੀਪੇਸ਼ਾ ਅਤੇ ਸਵੈ-ਰੁਜ਼ਗਾਰ ਵਾਲੇ ਯੋਗ ਕੈਨੇਡੀਅਨਜ਼ ਨੂੰ ਪ੍ਰਤੀ ਮਹੀਨਾ 2,000 ਡਾਲਰ ਪ੍ਰਾਪਤ ਹੁੰਦੇ ਸਨ।

CRA ਨੇ ਕਿਹਾ ਕਿ ਏਜੰਸੀ ਦੇ ਮੁਲਾਜ਼ਮਾਂ ਨੂੰ ਮਹਾਂਮਾਰੀ ਦੌਰਾਨ CERB ਪ੍ਰਾਪਤ ਕਰਨ ਲਈ ਅਯੋਗ ਨਹੀਂ ਕੀਤਾ ਸੀ। ਅਸਥਾਈ ਮੁਲਾਜ਼ਮ ਅਤੇ ਸਟੂਡੈਂਟ ਕਾਂਟਰੈਕਟ ‘ਤੇ ਕੰਮ ਕਰਨ ਵਾਲੇ ਮੁਲਾਜ਼ਮ, ਆਪਣੀ ਰੁਜ਼ਗਾਰ ਸਥਿਤੀ ਮੁਤਾਬਕ, ਯੋਗ ਹੋ ਸਕਦੇ ਸਨ।CRA ਨੇ ਬਿਆਨ ਵਿਚ ਕਿਹਾ ਕਿ ਇਸ ਪੜਤਾਲ ਦੌਰਾਨ ਹੁਣ ਤੱਕ ਲਗਭਗ 30 ਮੁਲਾਜ਼ਮ CERB ਦੇ ਯੋਗ ਪਾਏ ਗਏ ਹਨ।

ਨੈਸ਼ਨਲ ਰੈਵਨਿਊ ਮਿਨਿਸਟਰ ਮੈਰੀ ਕਲੌਡ-ਬਿਬੌ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਦਾ ਮਤਲਬ ਇਹ ਨਹੀਂ ਕਿ ਸੀਆਰਏ ਦੇ ਬਾਕੀ 60,000 ਤੋਂ ਵੱਧ ਮੁਲਾਜ਼ਮਾਂ ਦੀ ਇਮਾਨਦਾਰੀ ‘ਤੇ ਸ਼ੱਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੀਆਰਏ ਨੇ CERB ਪ੍ਰਾਪਤ ਕਰਨ ਵਾਲੇ ਮੁਲਾਜ਼ਮਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ, ਪ੍ਰਸ਼ਾਸਨਿਕ ਕਾਰਵਾਈਆਂ ਦਰਸਾਉਂਦੀਆਂ ਹਨ ਕਿ ਅਜਿਹਾ ਵਰਤਾਰਾ ਬਰਦਾਸ਼ਤ ਨਹੀਂ ਕੀਤਾ ਜਾਂਦਾ।

(ਸੀਬੀਸੀ ਨਿਊਜ਼)