Gordie Howe Bridge ਵਿਵਾਦ: ਐਂਬੈਸਡਰ ਬ੍ਰਿਜ਼ ਮਾਲਕ ਵੱਲੋਂ MAGA ਫੰਡ ਨੂੰ $1 ਮਿਲੀਅਨ ਦਾਨ, ਟਰੰਪ ਨੇ ਖੋਲ੍ਹਣ ‘ਤੇ ਰੋਕ ਦੀ ਧਮਕੀ ਦਿੱਤੀ |
Gordie Howe Bridge ‘ਤੇ ਟਰੰਪ ਦੀ ਰੋਕ ਧਮਕੀ |
ਡਿਟਰੋਇਟ-ਵਿੰਡਸਰ ਸਰਹੱਦ ‘ਤੇ ਬਣ ਰਹੇ Gordie Howe Bridge ਨੂੰ ਲੈ ਕੇ ਨਵਾਂ ਰਾਜਨੀਤਿਕ ਵਿਵਾਦ ਖੜ੍ਹਾ ਹੋ ਗਿਆ ਹੈ। ਐਂਬੈਸਡਰ ਬ੍ਰਿਜ਼ ਦੇ ਮਾਲਕ ਮੈਥਿਊ ਮੋਰੂਨ ਨੇ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਾਲੇ ਸੁਪਰ ਪੈਕ MAGA Inc. ਨੂੰ $1 ਮਿਲੀਅਨ ਦਾ ਦਾਨ ਦਿੱਤਾ।
ਫੈਡਰਲ ਇਲੈਕਸ਼ਨ ਕਮਿਸ਼ਨ (FEC) ਨੂੰ ਦਿੱਤੀ ਗਈ ਜਨਵਰੀ ਮਹੀਨੇ ਦੀ ਵਿੱਤੀ ਰਿਪੋਰਟ ਵਿੱਚ ਇਹ ਰਕਮ ਦਰਜ ਕੀਤੀ ਗਈ। ਦਸਤਾਵੇਜ਼ਾਂ ਮੁਤਾਬਕ ਦਾਨ 16 ਜਨਵਰੀ ਨੂੰ ਦਿੱਤਾ ਗਿਆ ਸੀ। ਇਸ ਤੋਂ 24 ਦਿਨ ਬਾਅਦ, 9 ਫਰਵਰੀ ਨੂੰ ਟਰੰਪ ਨੇ ਸੋਸ਼ਲ ਮੀਡੀਆ ‘ਤੇ ਧਮਕੀ ਦਿੱਤੀ ਕਿ ਨਵਾਂ Gordie Howe Bridge ਤਦ ਤੱਕ ਨਹੀਂ ਖੁਲ੍ਹੇਗਾ ਜਦ ਤੱਕ ਕੈਨੇਡਾ “ਇਨਸਾਫ਼ ਅਤੇ ਸਤਿਕਾਰ” ਨਾਲ ਪੇਸ਼ ਨਹੀਂ ਆਉਂਦਾ।
$4.7 ਬਿਲੀਅਨ ਦੇ ਇਸ ਪ੍ਰੋਜੈਕਟ ਦੀ ਫੰਡਿੰਗ ਕੈਨੇਡਾ ਵੱਲੋਂ ਕੀਤੀ ਗਈ ਹੈ ਅਤੇ ਇਹ ਬ੍ਰਿਜ਼ ਕੈਨੇਡਾ ਅਤੇ ਮਿਸ਼ੀਗਨ ਦੀ ਸਾਂਝੀ ਮਲਕੀਅਤ ਹੈ। 2018 ਤੋਂ ਚੱਲ ਰਹੇ ਨਿਰਮਾਣ ਦੇ ਬਾਅਦ ਇਹ ਬ੍ਰਿਜ਼ ਐਂਬੈਸਡਰ ਬ੍ਰਿਜ਼ ਲਈ ਸਿੱਧੀ ਮੁਕਾਬਲਾ ਬਣੇਗਾ, ਜੋ ਮੋਰੂਨ ਪਰਿਵਾਰ ਦੀ ਮਲਕੀਅਤ ਹੈ।
ਵਾਈਟ ਹਾਊਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਅਮਰੀਕੀ ਹਿਤਾਂ ਦੀ ਰੱਖਿਆ ਕਰ ਰਹੇ ਹਨ ਅਤੇ ਸਰਹੱਦੀ ਢਾਂਚਾ ਸਭ ਤੋਂ ਪਹਿਲਾਂ ਅਮਰੀਕਾ ਅਤੇ ਅਮਰੀਕੀਆਂ ਲਈ ਲਾਭਦਾਇਕ ਹੋਣਾ ਚਾਹੀਦਾ ਹੈ। ਟਰੰਪ ਨੇ ਇਸ਼ਾਰਾ ਕੀਤਾ ਕਿ ਸੰਯੁਕਤ ਰਾਜ ਨੂੰ ਇਸ ਸੰਪਤੀ ਵਿੱਚ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਅਤੇ ਟੋਲ ਰੇਵਨਿਊ ਵਿੱਚ ਭਾਗੀਦਾਰੀ ਦੀ ਮੰਗ ਕੀਤੀ।
ਹਾਲਾਂਕਿ 2017 ਵਿੱਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਉਸ ਵੇਲੇ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਸਾਂਝੇ ਬਿਆਨ ਵਿੱਚ ਇਸ ਬ੍ਰਿਜ਼ ਨੂੰ “ਦੋਨੋਂ ਦੇਸ਼ਾਂ ਲਈ ਮਹੱਤਵਪੂਰਣ ਆਰਥਿਕ ਕੜੀ” ਕਰਾਰ ਦਿੱਤਾ ਸੀ। ਇੱਥੋਂ ਤੱਕ ਕਿ ਜਨਵਰੀ ਦੇ ਅਖੀਰ ਵਿੱਚ ਅਮਰੀਕੀ ਹੋਮਲੈਂਡ ਸਿਕਿਊਰਿਟੀ ਵਿਭਾਗ ਨੇ ਇਸਨੂੰ ਆਧਿਕਾਰਿਕ ਤੌਰ ‘ਤੇ ਇਮੀਗ੍ਰੇਸ਼ਨ ਅਤੇ ਕਸਟਮ ਪੋਰਟ ਆਫ ਐਂਟਰੀ ਵਜੋਂ ਦਰਜ ਕੀਤਾ ਸੀ।
Gordie Howe Bridge ਨੂੰ ਲੈ ਕੇ ਇਹ ਨਵਾਂ ਮੋੜ ਸਰਹੱਦੀ ਵਪਾਰ ਅਤੇ ਦੋਨੋਂ ਦੇਸ਼ਾਂ ਦੇ ਆਰਥਿਕ ਸੰਬੰਧਾਂ ‘ਤੇ ਪ੍ਰਭਾਵ ਪਾ ਸਕਦਾ ਹੈ, ਜਦਕਿ ਪ੍ਰੋਜੈਕਟ ਦੇ ਖੁਲ੍ਹਣ ਤੋਂ ਪਹਿਲਾਂ ਰਾਜਨੀਤਿਕ ਤਣਾਅ ਵਧਦਾ ਦਿਖਾਈ ਦੇ ਰਿਹਾ ਹੈ।