GTHA ਦੇ ਮੇਅਰਾਂ ਨੇ ਯੂਕਰੇਨੀ ਪਰਵਾਸੀਆਂ ਨੂੰ ਸੈਟਲ ਕਰਨ ਲਈ ਫ਼ੈਡਰਲ ਸਰਕਾਰ ਤੋਂ ਮੰਗੀ ਫ਼ੰਡਿੰਗ
ਗ੍ਰੇਟਰ ਟੋਰੌਂਟੋ ਐਂਡ ਹੈਮਿਲਟਰਨ ਏਰੀਆ (GTHA) ਦੇ ਮੇਅਰਾਂ ਨੇ ਸੋਮਵਾਰ ਨੂੰ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਫ਼ੈਡਰਲ ਅਤੇ ਓਨਟੇਰਿਓ ਸਰਕਾਰ ਨੂੰ ਯੂਕਰੇਨੀ ਪਰਵਾਸੀਆਂ ਦੀ ਮਦਦ ਲਈ ਤਿਆਰ ਕੀਤੇ ਪ੍ਰੋਗਰਾਮ ਵਿਚ ਫ਼ੰਡਿੰਗ ਪ੍ਰਦਾਨ ਕਰਨੀ ਚਾਹੀਦੀ ਹੈ। ਮਿਸਿਸਾਗਾ, ਬ੍ਰੈਂਪਟਨ, ਟੋਰੌਂਟੋ, ਵੌਨ ਅਤੇ ਹੋਰ ਸਬੰਧਤ ਮਿਉਂਸਿਪੈਲਟੀਆਂ ਦੇ ਮੇਅਰਾਂ ਨੇ ਕਿਹਾ ਕਿ ਯੂਕਰੇਨ ਤੋਂ ਹਿਜਰਤ ਕਰਕੇ ਆ ਰਹੇ ਨਵੇਂ ਪਰਵਾਸੀਆਂ ਦੀ ਮਦਦ ਲਈ ਤਿਆਰ ਪ੍ਰਾਜੈਕਟ ਅਧੀਨ 750 ਘਰਾਂ ਦੇ ਕਰੀਬ 2,000 ਲੋਕ ਐਮਰਜੈਂਸੀ ਹਾਊਸਿੰਗ ਅਤੇ ਹੋਰ ਸੇਵਾਵਾਂ ਪ੍ਰਾਪਤ ਕਰ ਚੁੱਕੇ ਹਨ।
ਮੇਅਰਾਂ ਨੇ ਕਿਹਾ ਕਿ ਫ਼ੈਡਰਲ ਅਤੇ ਓਨਟੇਰਿਓ ਸਰਕਾਰਾਂ ਨੇ ਉਹਨਾਂ ਨੂੰ ਯੂਕਰੇਨੀ ਪਰਵਾਸੀਆਂ ਵਾਸਤੇ ਮਦਦ ਪ੍ਰਦਾਨ ਕਰਨ ਦਾ ਯਕੀਨ ਦਵਾਇਆ ਸੀ, ਪਰ ਅਜੇ ਤੱਕ ਕੋਈ ਸਮਰਪਿਤ ਫ਼ੰਡਿੰਗ ਪ੍ਰਾਪਤ ਨਹੀਂ ਹੋਈ ਹੈ। ਮੇਅਰਾਂ ਨੇ ਸਾਂਝੇ ਬਿਆਨ ਵਿਚ ਯੂਕਰੇਨ ‘ਤੇ ਹੋਏ ਰੂਸੀ ਹਮਲੇ ਦੀ ਕੈਨੇਡਾ ਵੱਲੋਂ ਕੀਤੀ ਨਿੰਦਾ ਦਾ ਸਮਰਥਨ ਕੀਤਾ ਅਤੇ ਯੂਕਰੇਨੀ ਰਿਫ਼ਿਊਜੀਆਂ ਲਈ ਫ਼ੈਡਰਲ ਸਰਕਾਰ ਵੱਲੋਂ ਚੁੱਕੇ ਕਦਮਾਂ, ਜਿਵੇਂ ਵੀਜ਼ਾ ਪ੍ਰਕਿਰਿਆ ਤੇਜ਼ ਕਰਨਾ, ਯੋਗ ਯੂਕਰੇਨੀ ਪਰਿਵਾਰਾਂ ਨੂੰ ਐਮਰਜੈਂਸੀ ਵਿੱਤੀ ਸਹਾਇਤਾ ਦੇਣ ਅਤੇ ਦੋ ਹਫ਼ਤਿਆਂ ਤੱਕ ਯੂਕਰੇਨੀਆਂ ਲਈ ਹੋਟਲ ਰਿਹਾਇਸ਼ ਦਾ ਪ੍ਰਬੰਦ ਕਰਨ, ਦੀ ਵੀ ਸ਼ਲਾਘਾ ਕੀਤੀ।
ਮਿਉਂਸਿਪਲ ਲੀਡਰਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਚੁੱਕੇ ਕਦਮ ਸਵਾਗਤਯੋਗ ਹਨ, ਪਰ ਕਾਫ਼ੀ ਨਹੀਂ ਹਨ। ਉਹਨਾਂ ਕਿਹਾ ਕਿ ਉਹ ਯੂਕਰੇਨੀਆਂ ਨੂੰ ਮਿਉਂਸਿਪੈਲਟੀਆਂ ਦੇ ਖ਼ਰਚੇ ‘ਤੇ
ਮਦਦ ਪ੍ਰਦਾਨ ਕਰ ਰਹੇ ਹਨ। ਲੀਡਰਾਂ ਨੇ ਕਿਹਾ ਕਿ ਮਿਉਂਸਿਪਲ ਸਰਕਾਰਾਂ ਨਾਲ ਸਹਿਯੋਗ ਕਰਨ ਦਾ ਪ੍ਰਸਤਾਵ ਕਈ ਮਹੀਨਿਆਂ ਤੋਂ ਫ਼ੈਡਰਲ ਸਰਕਾਰ ਦੇ ਹੱਥਾਂ ਵਿਚ ਹੈ। ਮੇਅਰਾਂ ਨੇ ਕਿਹਾ, ਕਿਉਂਕਿ ਜੀਟੀਐਚਏ ਵਿਚ ਹੋਰ ਰਿਫ਼ਿਊਜੀ ਪਹੁੰਚ ਰਹੇ ਹਨ, ਅਤੇ ਰਿਹਾਇਸ਼ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਵਿਆਪਕ ਅਤੇ ਮਜ਼ਬੂਤ ਖੇਤਰੀ ਤਾਲਮੇਲ ਮਹੱਤਵਪੂਰਨ ਹੈ, ਪਰ ਸਥਾਨਕ ਸਰੋਤ ਸੀਮਤ ਹਨ
।
ਇਮੀਗ੍ਰੇਸ਼ਨ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਫ਼ੈਡਰਲ ਸਰਕਾਰ ਕੈਨੇਡਾ ਆ ਰਹੇ ਯੂਕਰੇਨੀਆਂ ਦੀ ਮਦਦ ਕਰ ਰਹੇ ਸੂਬਿਆਂ, ਪ੍ਰਦੇਸ਼ਾਂ ਅਤੇ ਮਿਉਂਸਿਪੈਲਟੀਆਂ ਨਾਲ ਨੇੜੇ ਹੋ ਕੇ ਕੰਮ ਕਰ ਰਹੀ ਹੈ। ਜੈਫ਼ਰੀ ਮੈਕਡੌਨਲਡ ਨੇ ਕਿਹਾ ਕਿ ਯੂਕਰੇਨੀ ਪਰਵਾਸੀਆਂ ਕੋਲ ਉਹਨਾਂ ਸੈਟਲਮੈਂਟ ਪ੍ਰੋਗਰਾਮਾਂ ਦੀ ਵੀ ਪਹੁੰਚ ਹੈ, ਜੋ ਆਮ ਤੌ੍ਰ ‘ਤੇ ਸਿਰਫ਼ ਪਰਮਾਨੈਂਟ ਰੈਜ਼ੀਡੈਂਟਸ ਲਈ ਉਪਲਬਧ ਹੁੰਦੀ ਹੈ ਅਤੇ ਯੂਕਰੇਨੀ ਪਰਵਾਸੀ ਬੁਨਿਆਦੀ ਜ਼ਰੂਰਤਾਂ ਲਈ 3,000 ਡਾਲਰ ਪ੍ਰਤੀ ਬਾਲਗ਼ ਅਤੇ 1,500 ਡਾਲਰ ਪ੍ਰਤੀ ਬੱਚਾ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹਨ।
ਜੈਫ਼ਰੀ ਨੇ ਕਿਹਾ ਕਿ ਸਥਿਤੀ ਦੇ ਅਨੁਸਾਰ ਵਿਭਾਗ ਆਪਣੇ ਆਪ ਨੂੰ ਅਪਡੇਟ ਵੀ ਕਰ ਰਿਹਾ ਹੈ ਅਤੇ ਫ਼ੈਡਰਲ ਸਰਕਾਰ ਯੂਕਰੇਨ ਤੋਂ ਹਿਜਰਤ ਕਰਕੇ ਆ ਰਹੇ ਲੋਕਾਂ ਦੀ ਬਿਹਤਰ ਮਦਦ ਲਈ ਕੈਨੇਡਾ ਚ ਰਹਿੰਦੀ ਯੂਕਰੇਨੀ ਕਮਿਊਨਿਟੀ ਅਤੇ ਸੂਬਾਈ, ਪ੍ਰਦੇਸ਼ ‘ਤੇ ਸਥਾਨਕ ਸਰਕਾਰਾਂ ਨਾਲ ਵੀ ਤਾਲਮੇਲ ਕਰ ਰਹੀ ਹੈ। ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਦੇ ਬੁਲਾਰੇ ਕੈਟਲਿਨ ਕਲਾਰਕ ਨੇ ਕਿਹਾ ਕਿ ਪਿਛਲੇ ਅਪ੍ਰੈਲ ਵਿਚ ਓਨਟੇਰਿਓ ਨੇ ਯੂਕਰੇਨੀ ਪਰਵਾਸੀਆਂ ਦੀ ਮਦਦ ਲਈ ਮਦਦ ਦਾ ਐਲਾਨ ਕੀਤਾ ਸੀ।
ਸੂਬਾ ਸਰਕਾਰ ਨੇ ਉਸ ਸਮੇਂ ਕਿਹਾ ਸੀ ਕਿ ਜੰਗ ਦੇ ਸ਼ਰਨਾਰਥੀਆਂ ਨੂੰ ਇੱਕ ਸਮਰਪਿਤ ਨੌਕਰੀਆਂ ਦੀ ਹੌਟਲਾਈਨ, ਮਾਨਸਿਕ ਸਿਹਤ ਦੇਖਭਾਲ, ਦਵਾਈਆਂ ਅਤੇ ਹੈਲਥ ਕੇਅਰ ਸੇਵਾਵਾਂ ਤੱਕ ਪਹੁੰਚ ਹੋਵੇਗੀ, ਅਤੇ ਵਿਦਿਆਰਥੀ ਪਬਲਿਕ ਸਕੂਲਾਂ ਵਿੱਚ ਜਾ ਸਕਣਗੇ। ਨਾਲ ਹੀ ਯੂਕਰੇਨੀ ਪਰਵਾਸੀਆਂ ਨੂੰ ਐਮਰਜੈਂਸੀ ਮਦਦ ਲਈ ਵਿੱਤੀ ਸਹਾਇਤਾ ਅਤੇ ਕੈਨੇਡੀਅਨ ਯੂਕਰੇਨੀਅਨ ਇਮੀਗ੍ਰੈਂਟ ਏਡ ਸੋਸਾਇਟੀ ਨੂੰ ਅਗਲੇ ਤਿੰਨ ਸਾਲਾਂ ਵਿਚ 900,000 ਡਾਲਰ ਦੀ ਵਾਧੂ ਫ਼ੰਡਿੰਗ ਪ੍ਰਦਾਨ ਕਰਨ ਦੀ ਵੀ ਗੱਲ ਆਖੀ ਗਈ ਸੀ।
ਓਨਟੇਰਿਓ ਹਮੇਸ਼ਾ ਪੁਤਿਨ ਦੇ ਗ਼ੈਰ-ਕਾਨੂੰਨੀ ਹਮਲੇ ਦੇ ਵਿਰੁੱਧ ਯੂਕਰੇਨ ਦੇ ਲੋਕਾਂ ਦੇ ਨਾਲ ਖੜ੍ਹਾ ਰਹੇਗਾ
। ਸਰਕਾਰੀ ਅੰਕੜਿਆਂ ਅਨੁਸਾਰ, ਪਿਛਲੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 145,000 ਤੋਂ ਵੱਧ ਯੂਕਰੇਨੀ ਨਾਗਰਿਕ ਅਤੇ ਯੂਕਰੇਨੀ ਮੂਲ ਦੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟਸ ਕੈਨੇਡਾ ਵਿੱਚ ਆ ਚੁੱਕੇ ਹਨ।
ਦ ਕੈਨੇਡੀਅਨ ਪ੍ਰੈੱਸ