GTA News Media

Top Info Bar
22.1°C Toronto Loading date...
Canada

NDP ਲੀਡਰ ਜਗਮੀਤ ਸਿੰਘ ਨੇ ਕਾਰਪੋਰੇਟ ਟੈਕਸ ‘ਚ ਵਾਧੇ ਦਾ ਪ੍ਰਸਤਾਵ ਕੀਤਾ ਪੇਸ਼

NDP ਲੀਡਰ ਜਗਮੀਤ ਸਿੰਘ ਨੇ ਕਾਰਪੋਰੇਟ ਟੈਕਸ ‘ਚ ਵਾਧੇ ਦਾ ਪ੍ਰਸਤਾਵ ਕੀਤਾ ਪੇਸ਼
Share this post via:

NDP ਲੀਡਰ ਜਗਮੀਤ ਸਿੰਘ ਨੇ ਵਰਕਰ ਅਤੇ ਸੀਈਓ ਦੀ ਤਨਖ਼ਾਹ ਦੇ ਪਾੜੇ ‘ਤੇ ਅਧਾਰਤ ਕਾਰਪੋਰੇਟ ਟੈਕਸ ਵਿਚ ਵਾਧੇ ਦਾ ਪ੍ਰਸਤਾਵ ਪੇਸ਼ ਕੀਤਾ ਹੈ, ਹਾਲਾਂਕਿ ਇਹ ਪ੍ਰਸਤਾਵ ਟੈਕਸ ਵਾਧਾ ਪ੍ਰਸਤਾਵਿਤ ਕਰਨ ਬਾਬਤ ਹਾਊਸ ਔਫ਼ ਕੌਮਨਜ਼ ਦੇ ਨਿਯਮਾਂ ਦੇ ਵਿਰੁੱਧ ਹੋ ਸਕਦਾ ਹੈ। ਜਗਮੀਤ ਨੇ ਕਿਹਾ ਕਿ ਉਹ ਅਮਰੀਕਾ ਦੇ ਸੈਨੇਟਰਜ਼ ਐਲਿਜ਼ਾਬੈਥ ਵੌਰਨ ਅਤੇ ਬਰਨੀ ਸੈਂਡਰਜ਼ ਵੱਲੋਂ ਦੋ ਸਾਲ ਪਹਿਲਾਂ ਕਾਂਗਰਸ ਵਿੱਚ ਪੇਸ਼ ਕੀਤੇ ਗਏ ਕਾਨੂੰਨ ਤੋਂ ਪ੍ਰੇਰਿਤ ਹੋਏ ਹਨ।

ਜਗਮੀਤ ਸਿੰਘ ਨੇ ਇੱਕ ਪ੍ਰੈਸ ਕਾਨਫ਼੍ਰੰਸ ਦੌਰਾਨ ਕਿਹਾ ਕਿ ਇਸ ਸਮੇਂ ਮਹਿੰਗਾਈ ਨੇ ਆਮਲ ਲੋਕਾਂ ਨੂੰ ਨਿਚੋੜ ਕੇ ਰੱਖ ਦਿੱਤਾ ਹੈ, ਲੋਕ ਗ੍ਰੋਸਰੀ ਤੱਕ ਅਫ਼ੋਰਡ ਨਹੀਂ ਕਰ ਪਾ ਰਹੇ ਹਨ, ਅਤੇ ਅਜਿਹੇ ਸਮੇਂ ਵਿਚ ਕੰਪਨੀਆਂ ਦੇ ਸੀਈਓਜ਼ ਦੀਆਂ ਤਨਖ਼ਾਹਾਂ ਅਤੇ ਮੁਆਵਜ਼ੇ ਲਗਾਤਾਰ ਉੱਪਰ ਵੱਲ ਨੂੰ ਜਾ ਰਹੇ ਹਨ।

NDP ਦੀ ਇਹ ਪ੍ਰਸਤਾਵਿਤ ਯੋਜਨਾ ਕੰਪਨੀ ਦੇ ਸੀਈਓ ਦੀ ਤਨਖ਼ਾਹ ਅਤੇ ਕੰਪਨੀ ਦੇ ਮੁਲਾਜ਼ਮਾਂ ਦੀ ਔਸਤ ਤਨਖ਼ਾਹ ਦੇ ਵਿਚਕਾਰ ਅਨੁਪਾਤ ਦੇ ਅਧਾਰ ‘ਤੇ, ਕਾਰਪੋਰੇਟ ਆਮਦਨ ਟੈਕਸ ਨੂੰ ਵਧਾਏਗੀ। ਐਨਡੀਪੀ ਦੀ ਨਿਊਜ਼ ਰਿਲੀਜ਼ ਅਨੁਸਾਰ, ਜੇਕਰ ਇੱਕ ਸੀਈਓ ਦੀ ਆਮਦਨ ਵਰਕਰਾਂ ਦੀ ਔਸਤ ਆਮਦਨ ਤੋਂ 50 ਤੋਂ 100 ਗੁਣਾ ਹੈ, ਤਾਂ 0.5% ਦਾ ਟੈਕਸ ਵਾਧਾ ਹੋਵੇਗਾ ਅਤੇ ਜੇ ਸੀਈਓ ਦੀ ਆਮਦਨ ਵਰਕਰਾਂ ਦੀ ਔਸਤ ਤਨਖ਼ਾਹ ਨਾਲੋਂ 500 ਗੁਣਾ ਜਾਂ ਵੱਧ ਹੈ ਤਾਂ 5 % ਟੈਕਸ ਦਾ ਵਾਧਾ ਹੋਵੇਗਾ।

ਹਾਊਸ ਔਫ਼ ਕੌਮਨਜ਼ ਦੇ ਨਿਯਮਾਂ ਤਹਿਤ ਪ੍ਰਾਈਵੇਟ ਮੈਂਬਰ ਬਿੱਲਾਂ ਨੂੰ ਟੈਕਸਾਂ ਵਿਚ ਤਬਦੀਲੀਆਂ ਕਰਨ ਦਾ ਅਧਿਕਾਰ ਨਹੀਂ ਹੈ, ਹਾਲਾਂਕਿ ਟੈਕਸ ਵਿਚ ਛੋਟਾਂ ਦੇਣ ਸਬੰਧੀ ਬਿੱਲਾਂ ਨੂੰ ਛੋਟ ਜ਼ਰੂਰ ਹੈ।ਗਾਈਡ ਔਨ ਪ੍ਰੈਕਟਿਸ ਐਂਡ ਪ੍ਰੋਸੀਜਰ ਅਨੁਸਾਰ, ਇੱਕ ਪ੍ਰਾਈਵੇਟ ਮੈਂਬਰ ਬਿੱਲ ਟੈਕਸ ਲਾਗੂ ਨਹੀਂ ਕਰ ਸਕਦਾ, ਨਾ ਇਸਨੂੰ ਵਧਾ ਸਕਦਾ ਹੈ ਅਤੇ ਨਾ ਇਸ ਦਾ ਦਾਇਰਾ ਵਧਾ ਸਕਦਾ ਹੈ। ਜਗਮੀਤ ਸਿੰਘ ਨੇ ਇਹ ਨਹੀਂ ਦੱਸਿਆ ਕਿ ਉਹ ਇਸ ਨਿਯਮ ਨਾਲ ਕਿਵੇਂ ਡੀਲ ਕਰਨਗੇ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਨੇ ਬਿਲ ਡਰਾਫ਼ਟ ਨਹੀਂ ਕੀਤਾ ਹੈ।

ਜਗਮੀਤ ਸਿੰਘ ਗ੍ਰੋਸਰੀ ਕੰਪਨੀਆਂ ਅਤੇ ਉਹਨਾਂ ਦੇ ਐਗਜ਼ੈਕਟਿਵਜ਼ ‘ਤੇ ਲਗਾਤਾਰ ਨਿਸ਼ਾਨਾ ਸਾਧਦੇ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਕੰਪਨੀਆਂ ਦਾ ਲਾਲਚ ਮਹਿੰਗਾਈ ਲਈ ਜ਼ਿੰਮੇਵਾਰ ਹੈ। ਗ੍ਰੋਸਰੀ ਚੇਨਾਂ ਦੇ ਨੁਮਾਇੰਦਿਆਂ ਨੇ ਹਾਊਸ ਔਫ਼ ਕੌਮਨਜ਼ ਦੀ ਕਮੇਟੀ ਨੂੰ ਕਿਹਾ ਸੀ ਕਿ ਸਪਲਾਈ ਦੀ ਵਧੀ ਲਾਗਤ ਅਤੇ ਹੋਰ ਕਾਰਕ ਕੀਮਤਾਂ ਵਿਚ ਵਾਧੇ ਦਾ ਕਾਰਨ ਹਨ ਅਤੇ ਕੰਪਨੀਆਂ ਦੇ ਮੁਨਾਫ਼ਿਆਂ ਵਿਚ ਵਾਧਾ ਦਰਅਸਲ ਫ਼ਾਰਮਾਸਿਊਟਿਕਲ ਵਰਗੇ ਗ਼ੈਰ-ਭੋਜਨ ਉਤਪਾਦਾਂ ਦੀ ਵਿਕਰੀ ਕਰਕੇ ਹੋਇਆ ਹੈ।

ਸੀਬੀਸੀ ਨਿਊਜ਼