2026 ਵਿੱਚ ਰਿਫਿਊਜੀ PR ਯੋਜਨਾ ‘ਤੇ $2 ਬਿਲੀਅਨ ਦਾ ਬੋਝ, ਟੈਕਸਦਾਤਾਵਾਂ ਲਈ ਸਵਾਲ |
Refugee PR Canada: 2026 ਵਿੱਚ $2 ਬਿਲੀਅਨ ਦਾ ਖਰਚਾ |
ਕੈਨੇਡਾ ਵਿੱਚ 2026 ਦੌਰਾਨ ਇੱਕ ਖ਼ਾਸ ਇਕ-ਵਾਰਗੀ ਇਮੀਗ੍ਰੇਸ਼ਨ ਯੋਜਨਾ ਤਹਿਤ ਲਗਭਗ 1,15,000 ਪਰਿਵਾਰਾਂ ਨੂੰ ਪਰਮਾਨੈਂਟ ਰਿਹਾਇਸ਼ (PR) ਦਿੱਤੀ ਜਾਣੀ ਹੈ। ਇਸ ਯੋਜਨਾ ਨਾਲ ਫੈਡਰਲ ਸਰਕਾਰ ‘ਤੇ ਕਰੀਬ $1.73 ਬਿਲੀਅਨ ਦਾ ਤੁਰੰਤ ਖਰਚਾ ਅਤੇ ਲਗਭਗ $10.35 ਬਿਲੀਅਨ ਸਾਲਾਨਾ ਖਰਚਾ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜੋ ਕਿ ਮਹੀਨਾਵਾਰ ਤੌਰ ‘ਤੇ ਲਗਭਗ $862.5 ਮਿਲੀਅਨ ਬਣਦਾ ਹੈ।
ਇਹ ਵਿੱਤੀ ਬੋਝ ਸਿੱਧੇ ਤੌਰ ‘ਤੇ ਕੈਨੇਡਾ ਦੇ ਟੈਕਸਦਾਤਾਵਾਂ ‘ਤੇ ਪੈਣਾ ਹੈ, ਜਿਸ ਨੂੰ ਲੈ ਕੇ ਕਈ ਸਮਾਜਿਕ ਅਤੇ ਆਰਥਿਕ ਸਵਾਲ ਖੜੇ ਹੋ ਰਹੇ ਹਨ।
ਸਰਕਾਰੀ ਦਸਤਾਵੇਜ਼ਾਂ ਅਨੁਸਾਰ, ਇਸ ਸ਼੍ਰੇਣੀ ਵਿੱਚ ਆਉਣ ਵਾਲੇ ਬਹੁਤ ਸਾਰੇ ਲੋਕ “ਪ੍ਰੋਟੈਕਟਿਡ ਪਰਸਨ” ਜਾਂ ਰਿਫਿਊਜੀ ਦਰਜੇ ਹੇਠ ਕੈਨੇਡਾ ਵਿੱਚ ਰਹਿ ਰਹੇ ਹਨ, ਜਿਨ੍ਹਾਂ ਨੂੰ ਹੁਣ PR ਦਿੱਤਾ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਮਨੁੱਖੀ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੇ ਤਹਿਤ ਚੁੱਕਿਆ ਗਿਆ ਹੈ।
ਹਾਲਾਂਕਿ, ਆਲੋਚਕਾਂ ਦਾ ਕਹਿਣਾ ਹੈ ਕਿ ਜਦੋਂ ਇੱਕ ਪਾਸੇ ਹਾਊਸਿੰਗ ਸਹਾਇਤਾ ਅਤੇ ਵੈਲਫੇਅਰ ਖਰਚੇ ਵੱਧ ਰਹੇ ਹਨ, ਦੂਜੇ ਪਾਸੇ ਕਈ ਕੈਨੇਡੀਅਨ ਨਾਗਰਿਕ ਅਤੇ ਲੰਮੇ ਸਮੇਂ ਤੋਂ ਰਹਿ ਰਹੇ ਰਿਹਾਇਸ਼ੀ ਲੋਕ ਘਰਾਂ ਦੀ ਕਮੀ, ਸ਼ੈਲਟਰ ਬੈਡਾਂ ਦੀ ਲਾਈਨ ਅਤੇ ਫੂਡ ਬੈਂਕਾਂ ‘ਤੇ ਨਿਰਭਰ ਹੋਣ ਲਈ ਮਜਬੂਰ ਹਨ।
ਹਾਊਸਿੰਗ ਸੰਕਟ, ਮਹਿੰਗਾਈ ਅਤੇ ਸਮਾਜਿਕ ਸਹੂਲਤਾਂ ‘ਤੇ ਵਧਦੇ ਦਬਾਅ ਦੇ ਮੱਦੇਨਜ਼ਰ, ਇਹ ਮਸਲਾ ਹੁਣ ਸਿਰਫ਼ ਇਮੀਗ੍ਰੇਸ਼ਨ ਨਹੀਂ ਰਹਿ ਗਿਆ, ਸਗੋਂ ਸਮਾਜਿਕ ਨਿਆਂ ਅਤੇ ਸਰੋਤਾਂ ਦੀ ਵੰਡ ਨਾਲ ਵੀ ਜੁੜ ਗਿਆ ਹੈ।
ਕਈ ਲੋਕ ਮੰਗ ਕਰ ਰਹੇ ਹਨ ਕਿ ਸਰਕਾਰ ਇਸ ਯੋਜਨਾ ਬਾਰੇ ਪੂਰੀ ਪਾਰਦਰਸ਼ਤਾ, ਖਰਚਿਆਂ ਦੀ ਵਿਸਥਾਰਪੂਰਕ ਜਾਣਕਾਰੀ ਅਤੇ ਦੇਸ਼ ਦੇ ਮੌਜੂਦਾ ਨਾਗਰਿਕਾਂ ਲਈ ਸੁਰੱਖਿਆ ਕਦਮ ਸਪਸ਼ਟ ਕਰੇ।