GTA News Media

Top Info Bar
22.1°C Toronto Loading date...
Canada Featured

RNIP ਅਗਲੇ ਸਾਲ ਤੋਂ ਬਾਅਦ ਵੀ ਜਾਰੀ ਰਹਿਣ ਦੀ ਸੰਭਾਵਨਾ

RNIP ਅਗਲੇ ਸਾਲ ਤੋਂ ਬਾਅਦ ਵੀ ਜਾਰੀ ਰਹਿਣ ਦੀ ਸੰਭਾਵਨਾ
Share this post via:

ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਚਾਹੁੰਦੇ ਹਨ ਕਿ ਰੂਰਲ ਐਂਡ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ RNIP ਨੂੰ ਇਸਦੀ ਤੈਅ ਮਿਆਦ ਤੋਂ ਬਾਅਦ ਵੀ ਜਾਰੀ ਰੱਖਿਆ ਜਾਵੇ। ਇਹ ਪਾਇਲਟ ਪ੍ਰੋਗਰਾਮ 2019 ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਮੁਲਕ ਦੇ 11 ਸ਼ਹਿਰਾਂ ਵਿਚ ਕੰਮ ਲੱਭਣ ਵਾਲੇ ਹੁਨਰਮੰਦ ਲੋਕਾਂ ਦੀ, ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਇਨ੍ਹਾਂ ਵਿਚੋਂ ਚਾਰ ਸ਼ਹਿਰ – ਸਡਬਰੀ, ਨੌਰਥ ਬੇਅ, ਸੌ ਸੇਂਟ ਮੈਰੀ ਅਤੇ ਟਿਮਿਨਜ਼ – ਓਨਟੇਰਿਓ ਵਿਚ ਹਨ।

ਇਹ ਪ੍ਰੋਗਰਾਮ 2024 ਵਿਚ ਖ਼ਤਮ ਹੋਣਾ ਹੈ, ਪਰ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਪ੍ਰੋਗਰਾਮ ਨੂੰ ਕਿਸੇ ਰੂਪ ਵਿਚ ਇਸ ਮਿਆਦ ਤੋਂ ਬਾਅਦ ਵੀ ਜਾਰੀ ਰੱਖਿਆ ਜਾਵੇ। ਅਟਲਾਂਟਿਕ ਕੈਨੇਡਾ ਲਈ ਸ਼ੁਰੂ ਕੀਤੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਨੂੰ ਪਰਮਾਨੈਂਟ ਕਰ ਦਿੱਤਾ ਗਿਆ ਹੈ। ਫ਼੍ਰੇਜ਼ਰ ਨੇ ਕਿਹਾ, ਅਸੀਂ ਅਜੇ ਤੱਕ ਪ੍ਰੋਗਰਾਮ ਨੂੰ ਪਰਮਾਨੈਂਟ ਬਣਾਉਣ ਲਈ ਰਸਮੀ ਤੌਰ ‘ਤੇ ਕੋਈ ਫ਼ੈਸਲਾ ਨਹੀਂ ਲਿਆ ਹੈ, ਇਸ ਲਈ ਨਹੀਂ ਕਿ ਅਸੀਂ ਪ੍ਰੋਗਰਾਮ ਨੂੰ ਪਸੰਦ ਨਹੀਂ ਕਰਦੇ, ਪਰ ਕਿਉਂਕਿ ਪ੍ਰੋਗਰਾਮ ਦੇ ਪਹਿਲੇ ਕੁਝ ਸਾਲ ਕੋਵਿਡ-19 ਮਹਾਂਮਾਰੀ ਦੇ ਦੌਰ ਦੇ ਬਹੁਤ ਚੁਣੌਤੀਪੂਰਨ ਸਾਲ ਸਨ। ਮਿਨਿਸਟਰ ਨੇ ਕਿਹਾ ਕਿ ਉਹ ਦੇਖਣਾ ਚਾਹੁੰਦੇ ਹਨ ਕਿ ਕੋਵਿਡ ਰੋਕਾਂ ਹਟਾਏ ਜਾਣ ਤੋਂ ਬਾਅਦ ਹੁਣ ਇਸ ਸਾਲ ਦੌਰਾਨ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਹਿੰਦਾ ਹੈ।