ਉਨਟਾਰੀਓ ਦੇ ਹਸਪਤਾਲਾਂ ਵਿਚ ਕੰਮ ਦੇ ਬਦਤਰ ਹਾਲਾਤ, ਵੱਡੇ ਸੰਕਟ ਦੇ ਆਸਾਰ
ਉਨਟਾਰੀਓ ਦੇ ਹੈਲਥ ਕੇਅਰ ਸੈਕਟਰ ਵਿਚ ਇੱਕ ਵੱਡੇ ਸੰਕਟ ਦੇ ਆਸਾਰ ਦੇਖਣ ਨੂੰ ਮਿਲ ਰਹੇ ਹਨ। ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੂਬੇ ਦੇ ਹਸਪਤਾਲਾਂ ਵਿਚ ਕੰਮ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ, ਜਿਸ ਦਾ ਮੁੱਖ ਕਾਰਨ ਹੈਲਥ ਕੇਅਰ ਸਟਾਫ ਦੀ ਘਾਟ ਹੈ। ਇਸ ਰਿਪੋਰਟ ਮੁਤਾਬਕ, ਸੂਬੇ ਵਿਚ ਸਿਹਤ ਕਾਮਿਆਂ ਦੀ ਗਿਣਤੀ ਕੈਨੇਡਾ ਦੇ ਹੋਰ ਰਾਜਾਂ ਦੇ ਮੁਕਾਬਲੇ 18 ਫੀਸਦੀ ਘੱਟ ਹੈ, ਜੋ ਸੰਕਟ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ।
ਰਿਪੋਰਟ, ਜੋ ਕਿ 26 ਹਸਪਤਾਲਾਂ ਦੇ ਸਿਹਤ ਕਾਮਿਆਂ ਨਾਲ ਕੀਤੀਆਂ ਗੱਲਬਾਤਾਂ ’ਤੇ ਆਧਾਰਿਤ ਹੈ, ਅੰਦਰੂਨੀ ਹਾਲਾਤਾਂ ਦੇ ਹੋਰ ਬਿਗੜਨ ਦੀ ਚੇਤਾਵਨੀ ਦਿੰਦੀ ਹੈ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਨੇ ਇਸ ਸੰਬੰਧੀ ਵੱਡੇ ਕਦਮ ਚੁੱਕਣ ਦੀ ਮੰਗ ਕੀਤੀ ਹੈ। ਰਿਪੋਰਟ ਦੱਸਦੀ ਹੈ ਕਿ ਮੌਜੂਦਾ ਸਿਹਤ ਕਾਮਿਆਂ ਉੱਤੇ ਕੰਮ ਦਾ ਬੋਝ ਇਸ ਹੱਦ ਤੱਕ ਵੱਧ ਗਿਆ ਹੈ ਕਿ ਉਨ੍ਹਾਂ ਵਾਸਤੇ ਇਸੇ ਤਰੀਕੇ ਨਾਲ ਕੰਮ ਕਰਦੇ ਰਹਿਣਾ ਮੁਸ਼ਕਲ ਹੋ ਜਾਵੇਗਾ।
ਐਨਵਾਇਰਨਮੈਂਟਲ ਹੈਲਥ ਖੋਜਕਾਰ ਡਾ. ਜੇਮਜ਼ ਬਰੌਫੀ ਨੇ ਕਿਹਾ ਕਿ ਕਈ ਸਿਹਤ ਕਾਮੀ ਡਿਪ੍ਰੈਸ਼ਨ ਦਾ ਸ਼ਿਕਾਰ ਹਨ ਅਤੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਮਾਈਕਲ ਹਰਲੀ, ਉਨਟਾਰੀਓ ਕੌਂਸਲ ਆਫ਼ ਹੌਸਪੀਟਲ ਯੂਨੀਅਨਜ਼ ਦੇ ਪ੍ਰਧਾਨ, ਨੇ ਚੇਤਾਵਨੀ ਦਿਤੀ ਹੈ ਕਿ ਹੈਲਥ ਕੇਅਰ ਕਾਮਿਆਂ ਦੀ ਸਹਿਣਸ਼ਕਤੀ ਦੀ ਪਰਖ ਹੋ ਰਹੀ ਹੈ ਅਤੇ ਸੂਬੇ ਦਾ ਇਹ ਸੰਕਟ ਹੋਰ ਵੀ ਵਧ ਰਿਹਾ ਹੈ।
ਸੂਬਾ ਸਰਕਾਰ ਦੇ ਅਧਿਕਾਰਕ ਦਸਤਾਵੇਜ਼ ਮੁਤਾਬਕ, ਉਨਟਾਰੀਓ ਦੇ ਹੈਲਥ ਕੇਅਰ ਸੈਕਟਰ ਨੂੰ 2027 ਤੱਕ ਲਗਭਗ 20,700 ਨਰਸਾਂ ਅਤੇ 50,000 ਤੋਂ ਵੱਧ ਪਰਸਨਲ ਸਪੋਰਟ ਵਰਕਰਾਂ ਦੀ ਲੋੜ ਹੋਵੇਗੀ। ਇਹ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਵੱਡੀ ਚੁਣੌਤੀ ਹੈ।
ਡਾ. ਬਰੌਫੀ ਨੇ ਇਹ ਵੀ ਦੱਸਿਆ ਕਿ ਐਮਰਜੰਸੀ ਰੂਮਜ਼ ਬੰਦ ਹੋ ਰਹੇ ਹਨ ਅਤੇ ਮਰੀਜ਼ਾਂ ਨੂੰ ਹਾਲਵੇਅ ਵਿੱਚ ਹੀ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ, ਜਨਵਰੀ ਵਿੱਚ ਹੋਏ ਇੱਕ ਸਰਵੇਖਣ ਵਿਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਉਨਟਾਰੀਓ ਦੇ 62 ਫੀਸਦੀ ਹਸਪਤਾਲ ਕਾਮੇ ਬੇਹੱਦ ਤਣਾਅ ਵਾਲੇ ਮਾਹੌਲ ਵਿੱਚ ਕੰਮ ਕਰ ਰਹੇ ਹਨ। ਮਸਲਾ ਸਿਰਫ ਹੈਲਥ ਕੇਅਰ ਵਰਕਰਾਂ ਦੀ ਘਾਟ ਦਾ ਨਹੀਂ, ਸੂਬੇ ਵਿਚ ਬੈਡ ਦੀ ਵੀ ਕਮੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਇੱਕ ਹਜ਼ਾਰ ਨਵੇਂ ਬੈਡ ਦਾ ਵਾਅਦਾ ਕਰ ਰਹੀ ਹੈ, ਪਰ ਅਸਲ ਵਿੱਚ 8 ਹਜ਼ਾਰ ਬੈਡ ਦੀ ਸਖ਼ਤ ਲੋੜ ਹੈ।