GTA News Media

Top Info Bar
22.1°C Toronto Loading date...
Canada Crime Health Punjab

ਨਸ਼ਿਆਂ ਦੀ ਓਵਰਡੋਜ਼ ਕਾਰਨ ਬੀ.ਸੀ. ਵਿਚ ਵੱਧ ਰਹੀਆਂ ਮੌਤਾਂ

ਨਸ਼ਿਆਂ ਦੀ ਓਵਰਡੋਜ਼ ਕਾਰਨ ਬੀ.ਸੀ. ਵਿਚ ਵੱਧ ਰਹੀਆਂ ਮੌਤਾਂ
Share this post via:

ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਰੋਜ਼ਾਨਾ ਲਗਭਗ 6 ਜਣੇ ਆਪਣੀ ਜਾਨ ਗਵਾ ਰਹੇ ਹਨ। ਸਾਲ 2024 ਦੇ ਪਹਿਲੇ ਛੇ ਮਹੀਨਿਆਂ ਵਿਚ ਕੁੱਲ 1,158 ਮੌਤਾਂ ਦਰਜ ਕੀਤੀਆਂ ਗਈਆਂ ਹਨ। ਬੀ.ਸੀ. ਕੌਰੋਨਰਜ਼ ਸਰਵਿਸ ਦੇ ਤਾਜ਼ਾ ਅੰਕੜਿਆਂ ਮੁਤਾਬਕ, ਮਈ ਮਹੀਨੇ ਦੌਰਾਨ 181 ਅਤੇ ਜੂਨ ਵਿਚ 185 ਲੋਕਾਂ ਦੀ ਮੌਤ ਹੋਈ। ਇਸ ਦੌਰਾਨ, ਨਸ਼ਿਆਂ ਕਾਰਨ ਮਰਨ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਵੀ ਵਾਧਾ ਦਰਜ ਹੋਇਆ ਹੈ, ਹਾਲਾਂਕਿ ਕੁੱਲ ਮੌਤਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 9 ਫੀਸਦੀ ਘਟੀ ਹੈ।

ਕਾਰਜਕਾਰੀ ਚੀਫ ਕੌਰੋਨਰ ਜੌਹਨ ਮੈਕਨਮੀ ਨੇ ਕਿਹਾ ਕਿ ਨਸ਼ਿਆਂ ਨਾਲ ਜੁੜੀਆਂ ਮੌਤਾਂ ਇਕ ਵੱਡੀ ਤਰਾਸਦੀ ਹਨ। ਮਈ ਅਤੇ ਜੂਨ ਦੌਰਾਨ ਮਰਨ ਵਾਲੇ ਲੋਕਾਂ ਵਿਚੋਂ 50 ਫੀਸਦੀ 30 ਤੋਂ 49 ਸਾਲ ਦੀ ਉਮਰ ਦੇ ਸਨ। ਇਸ ਸਾਲ 72 ਫੀਸਦੀ ਮੌਤਾਂ ਪੁਰਸ਼ਾਂ ਦੀਆਂ ਸਨ ਜਦਕਿ ਔਰਤਾਂ ਦੀ ਹਿਸੇਦਾਰੀ 28 ਫੀਸਦੀ ਰਹੀ। ਸਭ ਤੋਂ ਵੱਧ ਮੌਤਾਂ ਫੈਂਟਾਨਿਲ ਨਾਲ ਜੁੜੀਆਂ ਹੋਈਆਂ ਹਨ, ਜੋ 82 ਫੀਸਦੀ ਕੇਸਾਂ ਵਿੱਚ ਪਾਈ ਗਈ।

ਨਸ਼ਿਆਂ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਘੱਟੋ-ਘੱਟ ਉਮਰ 10 ਸਾਲ ਤੇ ਵੱਧ ਤੋਂ ਵੱਧ 59 ਸਾਲ ਦਰਜ ਕੀਤੀ ਗਈ ਹੈ। ਬੀ.ਸੀ. ਵਿਚ ਕਤਲ, ਖੁਦਕੁਸ਼ੀਆਂ, ਸੜਕ ਹਾਦਸਿਆਂ ਅਤੇ ਕੁਦਰਤੀ ਬਿਮਾਰੀਆਂ ਨਾਲੋਂ ਨਸ਼ਿਆਂ ਦੀ ਓਵਰਡੋਜ਼ ਨਾਲ ਜਿਆਦਾ ਮੌਤਾਂ ਹੁੰਦੀਆਂ ਹਨ। 2020 ਤੋਂ ਬਾਅਦ ਔਰਤਾਂ ਦੀ ਮੌਤਾਂ ਦੀ ਗਿਣਤੀ ਤਕਰੀਬਨ ਦੁੱਗਣੀ ਹੋ ਗਈ ਹੈ। ਬੀ.ਸੀ. ਦੀ ਮੈਂਟਲ ਹੈਲਥ ਅਤੇ ਐਡਿਕਸ਼ਨਜ਼ ਮਾਮਲਿਆਂ ਦੀ ਮੰਤਰੀ ਜੈਨੀਫਰ ਵਾਈਟਸਾਈਡ ਨੇ ਇਨ੍ਹਾਂ ਅੰਕੜਿਆਂ ਨੂੰ ਚਿੰਤਾਜਨਕ ਕਰਾਰ ਦਿਤਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸੰਪਰਕ ਦੇ ਵਧੇਰੇ ਤਰੀਕਿਆਂ ਦੀ ਭਾਲ ਕਰ ਰਹੀ ਹੈ, ਤਾਂਕਿ ਲੋਕਾਂ ਨੂੰ ਜਰੂਰਤ ਪੈਂਦੇ ਸਮੇਂ ਸਹਾਇਤਾ ਮਿਲ ਸਕੇ। ਸੂਬੇ ਵਿਚ ਪਬਲਿਕ ਹੈਲਥ ਐਮਰਜੰਸੀ ਦੇ ਐਲਾਨ ਤੋਂ ਬਾਅਦ ਲਗਭਗ 15 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਹੈ। ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਕੁਝ ਲੋਕ ਓਵਰਡੋਜ਼ ਤੋਂ ਬਚ ਜਾਂਦੇ ਹਨ, ਪਰ ਇਸ ਨਾਲ ਹੋਏ ਨੁਕਸਾਨ ਕਰਕੇ ਉਨ੍ਹਾਂ ਦੀ ਜ਼ਿੰਦਗੀ ਸਦਾ ਲਈ ਬਦਲ ਜਾਂਦੀ ਹੈ।