GTA News Media

Top Info Bar
22.1°C Toronto Loading date...
India

ਪੰਜਾਬ ਨੂੰ ਪ੍ਰਾਪਤ ਹੋਇਆ GST ਤਹਿਤ 3670 ਕਰੋੜ ਰੁਪਏ ਦਾ ਬਕਾਇਆ ਮੁਆਵਜ਼ਾ

ਪੰਜਾਬ ਨੂੰ ਪ੍ਰਾਪਤ ਹੋਇਆ GST ਤਹਿਤ 3670 ਕਰੋੜ ਰੁਪਏ ਦਾ ਬਕਾਇਆ ਮੁਆਵਜ਼ਾ
Share this post via:

ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ Harpal Singh Cheema ਨੇ ਅੱਜ ਇਥੇ ਦੱਸਿਆ ਕਿ ਜੁਲਾਈ, 2017 ਤੋਂ ਮਾਰਚ, 2022 ਦੀ ਮਿਆਦ ਲਈ ਵਸਤੂਆਂ ਅਤੇ ਸੇਵਾਵਾਂ ਕਰ ਦੇ ਅਧੀਨ ਬਕਾਇਆ ਮੁਆਵਜ਼ੇ ਵਜੋਂ ਪੰਜਾਬ ਨੂੰ ਭਾਰਤ ਸਰਕਾਰ ਤੋਂ 3,670.64 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੀ.ਐਸ.ਟੀ. ਅਧੀਨ ਮੁਆਵਜ਼ੇ ਦੀ ਮਿਆਦ 30 ਜੂਨ, 2022 ਨੂੰ ਖਤਮ ਹੋ ਗਈ ਸੀ, ਹਾਲਾਂਕਿ, ਪੰਜਾਬ ਸਰਕਾਰ ਨੇ ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਰਾਹੀਂ ਭਾਰਤ ਸਰਕਾਰ ਕੋਲ ਬਕਾਇਆ ਜੀਐਸਟੀ ਮੁਆਵਜ਼ੇ ਦਾ ਮੁੱਦਾ ਉਠਾਇਆ ਸੀ।

ਸੂਬੇ ਦੇ ਲਗਾਤਾਰ ਅਤੇ ਅਣਥੱਕ ਯਤਨਾਂ ਸਦਕਾ ਭਾਰਤ ਸਰਕਾਰ ਵੱਲੋਂ ਜੁਲਾਈ, 2017 ਤੋਂ ਮਾਰਚ, 2022 ਦੀ ਮਿਆਦ ਦੇ ਬਕਾਇਆ ਮੁਆਵਜ਼ੇ ਵਜੋਂ ਰਾਜ ਨੂੰ 3,670.64 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਅੱਜ 11 ਅਕਤੂਬਰ, 2023 ਨੂੰ ਮਨਜ਼ੂਰੀ ਦੇ ਹੁਕਮ ਜਾਰੀ ਕੀਤੇ ਗਏ। ਹਰਪਾਲ ਸਿੰਘ ਚੀਮਾ ਨੇ ਬਕਾਇਆ ਮੁਆਵਜ਼ਾ ਰਾਸ਼ੀ ਜਾਰੀ ਕਰਨ ਲਈ ਕੇਂਦਰੀ ਵਿੱਤ ਮੰਤਰੀ ਦਾ ਧੰਨਵਾਦ ਕਰਨ ਦੇ ਨਾਲ-ਨਾਲ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦਫਤਰ ਅਤੇ ਪੰਜਾਬ ਦੇ ਪ੍ਰਮੁੱਖ ਮਹਾਂਲੇਖਾਕਾਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਬਕਾਇਆ ਮੁਆਵਜ਼ਾ ਰਾਸ਼ੀ ਨੂੰ ਪ੍ਰਾਪਤ ਕਰਨ ਲਈ ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਦੇ ਫੀਲਡ ਅਤੇ ਮੁੱਖ ਦਫਤਰ ਦੇ ਅਧਿਕਾਰੀਆਂ ਦੇ ਮਿਸਾਲੀ ਕੰਮ ਦੀ ਵੀ ਸ਼ਲਾਘਾ ਕੀਤੀ।