ਰਾਮ ਰਹੀਮ ਨੇ ਮੁੜ ਹਰਿਆਣਾ ਸਰਕਾਰ ਨੂੰ ਪੈਰੋਲ ਲਈ ਦਿੱਤੀ ਅਰਜ਼ੀ
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਮੁੜ ਹਰਿਆਣਾ ਸਰਕਾਰ ਨੂੰ ਪੈਰੋਲ ਲਈ ਅਰਜ਼ੀ ਦਿੱਤੀ ਹੈ। ਫਿਲਹਾਲ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਕੁਝ ਮਹੀਨੇ ਪਹਿਲਾਂ ਹੀ ਰਾਮ ਰਹੀਮ ਪੈਰੋਲ ਪੂਰੀ ਕਰਕੇ ਵਾਪਸ ਜੇਲ੍ਹ ਗਿਆ ਸੀ। ਜਾਣਕਾਰੀ ਮੁਤਾਬਕ ਡੇਰਾ ਸੱਚਾ ਸੌਦਾ ਦੇ ਦੂਜੇ ਮਹਾਂਪੁਰਸ਼ ਸ਼ਾਹ ਸਤਨਾਮ ਮਹਾਰਾਜ ਦਾ ਜਨਮ ਦਿਨ 25 ਜਨਵਰੀ ਨੂੰ ਸਿਰਸਾ ਡੇਰੇ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਕਾਰਨ ਡੇਰਾਮੁਖੀ ਗੁਰਮੀਤ ਸਿੰਘ ਨੇ 40 ਦਿਨਾਂ ਲਈ ਪੈਰੋਲ ਲਈ ਅਰਜ਼ੀ ਭੇਜੀ ਹੈ। ਹੁਣ ਪ੍ਰਸ਼ਾਸਨ ਵਲੋਂ ਇਸ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਕੀ ਕਰਨਾ ਹੈ।
ਸੂਤਰਾਂ ਮੁਤਾਬਕ ਡੇਰਾਮੁਖੀ ਨੂੰ ਅੱਜ ਪੈਰੋਲ ਦੀ ਮਨਜ਼ੂਰੀ ਮਿਲ ਸਕਦੀ ਹੈ। ਮਨਜ਼ੂਰੀ ਮਿਲਦੇ ਹੀ ਡੇਰਾਮੁਖੀ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਪੈਰੋਲ ਮਿਲਣ ਤੋਂ ਬਾਅਦ ਡੇਰਾਮੁਖੀ ਕਿੱਥੇ ਰਹੇਗਾ, ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ। ਦੂਜੇ ਪਾਸੇ ਸਿਰਸਾ ਡੇਰੇ ‘ਚ ਵੀ ਤਿਆਰੀਆਂ ਪੂਰੇ ਜ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਡੇਰੇ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਵੀ ਸਜਾਇਆ ਜਾ ਰਿਹਾ ਹੈ ਅਤੇ ਸਫਾਈ ਵੀ ਕੀਤੀ ਜਾ ਰਹੀ ਹੈ।