ਕੈਪਟਨ ਅਮਰਿੰਦਰ ਸਿੰਘ ਭਾਜਪਾ ‘ਚ ਹੋਏ ਸ਼ਾਮਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਦਾ ਵੀ ਭਾਜਪਾ ‘ਚ ਰਲੇਵਾਂ ਕਰ ਦਿੱਤਾ। ਇਸ ਦੌਰਾਨ ਬੇਟਾ ਰਣਇੰਦਰ ਸਿੰਘ, ਬੇਟੀ ਜੈਇੰਦਰ ਕੌਰ, ਮੁਕਤਸਰ ਤੋਂ ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਭਦੌੜ ਤੋਂ ਸਾਬਕਾ ਵਿਧਾਇਕ ਨਿਰਮਲ ਸਿੰਘ ਵੀ ਭਾਜਪਾ ‘ਚ ਸ਼ਾਮਲ ਹੋ ਗਏ।ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ।
ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੈਪਟਨ ਦਾ ਪਾਰਟੀਿ ‘ਚ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪੰਜਾਬ ‘ਚ ਭਾਜਪਾ ਦੀ ਤਾਕਤ ਵਧੇਗੀ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਹੈ ਕਿ ਉਨ੍ਹਾਂ ਨੇ ਹਮੇਸ਼ਾ ਰਾਸ਼ਟਰ ਨੂੰ ਪਾਰਟੀ ਅਤੇ ਦਲਗਤ ਰਾਜਨੀਤੀ ਤੋਂ ਉੱਪਰ ਰੱਖਿਆ ਹੈ।