GTA News Media

Top Info Bar
22.1°C Toronto Loading date...
Punjab

ਬਰਗਾੜੀ ਬੇਅਦਬੀ ਮਾਮਲੇ ‘ਚ ਫੜਿਆ ਗਿਆ ਮਾਸਟਰਮਾਈਂਡ ਵਿਅਕਤੀ ਨਿਕਲਿਆ ਕੋਈ ਹੋਰ

ਬਰਗਾੜੀ ਬੇਅਦਬੀ ਮਾਮਲੇ ‘ਚ ਫੜਿਆ ਗਿਆ ਮਾਸਟਰਮਾਈਂਡ ਵਿਅਕਤੀ ਨਿਕਲਿਆ ਕੋਈ ਹੋਰ
Share this post via:

ਫਰੀਦਕੋਟ ਦੇ ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਵਿਚ ਮੁੱਖ ਸਾਜ਼ਿਸ਼ਕਰਤਾ ਹੋਣ ਦੇ ਦੋਸ਼ ਵਿਚ ਬੈਂਗਲੁਰੂ ਦੇ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਸਗੋਂ ਕੋਈ ਹੋਰ ਹੈ। ਇਸ ਦਾ ਖ਼ੁਲਾਸਾ SSP ਹਰਜੀਤ ਸਿੰਘ ਕੀਤਾ ਹੈ। SSP ਨੇ ਕਿਹਾ ਕਿ ਜਿਸ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਸ ਸ਼ਖਸ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਸੰਦੀਪ ਬਰੇਟਾ ਨਾਲ ਮਿਲਦੇ ਹਨ ਜਿਸ ਕਾਰਣ ਇਹ ਗ਼ਲਤ ਵਹਿਮੀ ਹੋਈ ਹੈ। SSP ਨੇ ਕਿਹਾ ਕਿ ਸਾਡੀ ਟੀਮ ਬਿਨਾਂ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਵਾਪਸ ਪਰਤ ਰਹੀ ਹੈ।

ਦਰਅਸਲ ਡੇਰਾ ਸਿਰਸਾ ਦੇ ਕੌਮੀ ਕਮੇਟੀ ਮੈਂਬਰ ਸੰਦੀਪ ਬਰੇਟਾ ਨੂੰ ਬੈਂਗਲੁਰੂ ਏਅਰਪੋਰਟ ’ਤੇ ਸੁਰੱਖਿਆ ਕਰਮਚਾਰੀਆਂ ਵਲੋਂ ਆਪਣੀ ਹਿਰਾਸਤ ਵਿਚ ਲੈ ਲਏ ਜਾਣ ਦੀ ਖ਼ਬਰ ਤੋਂ ਬਾਅਦ ਸਥਾਨਕ ਪੁਲਸ ਪ੍ਰਸ਼ਾਸਨ ਸੰਦੀਪ ਬਰੇਟਾ ਨੂੰ ਫਰੀਦਕੋਟ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਸੀ ਅਤੇ ਪੁਲਸ ਦੀ ਇਕ ਟੀਮ ਬੈਂਗਲੁਰੂ ਲਈ ਰਵਾਨਾ ਵੀ ਹੋ ਗਈ ਸੀ। ਹੁਣ ਫਰੀਦਕੋਟ ਪੁਲਸ ਦੀ ਟੀਮ ਨੇ ਖਾਲ੍ਹੀ ਹੱਥ ਫਰੀਦਕੋਟ ਨੂੰ ਚਾਲੇ ਪਾਉਣੇ ਪਏ ਹਨ।

ਦੱਸ ਦੱਈਏ ਕਿ ਕਿ ਸਾਲ 2015 ’ਚ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਚੋਰੀ ਕਰਨ ਉਪਰੰਤ 12 ਅਕਤੂਬਰ 2015 ਨੂੰ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਬਰਗਾੜੀ ਦੀਆਂ ਗਲੀਆਂ ’ਚ ਖਿਲਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਬੋਰਡ ’ਤੇ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਵੀ ਲਗਾ ਦਿੱਤੇ ਗਏ ਸਨ। ਇਸ ਮਾਮਲੇ ’ਚ ਦਰਜ ਮੁਕੱਦਮਾ ਨੰਬਰ 128 ਤਹਿਤ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਬੇਅਦਬੀ ਮਾਮਲੇ ’ਚ ਦਰਜ 3 ਮੁਕੱਦਮਿਆਂ ’ਚ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਸੰਦੀਪ ਬਰੇਟਾ, ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਦੇ ਪੁਲਸ ਹੱਥੇ ਨਾ ਚੜ੍ਹਨ ’ਤੇ ਮਾਣਯੋਗ ਅਦਾਲਤ ਵਲੋਂ ਇਨ੍ਹਾਂ ਤਿੰਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ।

ਫਰੀਦਕੋਟ ਅਦਾਲਤ ਵਲੋਂ 21 ਜੁਲਾਈ 2021 ਨੂੰ ਇਨ੍ਹਾਂ ਤਿੰਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਕੇ 30 ਜੁਲਾਈ 2021 ਨੂੰ ਅਦਾਲਤ ’ਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਪੁਲਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਤਿੰਨਾਂ ਦਾ ਕੋਈ ਸੁਰਾਗ ਨਾ ਲੱਗਣ ਦੀ ਸੂਰਤ ’ਚ ਮਾਣਯੋਗ ਅਦਾਲਤ ਵਲੋਂ 30 ਜੁਲਾਈ 2021 ਨੂੰ ਦੁਬਾਰਾ ਇਨ੍ਹਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ 9 ਅਗਸਤ 2021 ਤਕ ਅਦਾਲਤ ’ਚ ਪੇਸ਼ ਕਰਨ ਲਈ ਆਖਿਆ ਗਿਆ ਸੀ।