GTA News Media

Top Info Bar
22.1°C Toronto Loading date...
Punjab

ਸ਼੍ਰੋਮਣੀ ਅਕਾਲੀ ਦਲ ਦੇ ‘ਨਿਘਾਰ’ ਦੀ ਕਹਾਣੀ; ਟੌਹੜਾ ਤੋਂ ਲੈ ਕੇ ਬੀਬੀ ਜਗੀਰ ਕੌਰ ਤੱਕ

ਸ਼੍ਰੋਮਣੀ ਅਕਾਲੀ ਦਲ ਦੇ ‘ਨਿਘਾਰ’ ਦੀ ਕਹਾਣੀ; ਟੌਹੜਾ ਤੋਂ ਲੈ ਕੇ ਬੀਬੀ ਜਗੀਰ ਕੌਰ ਤੱਕ
Share this post via:

ਬੀਬੀਸੀ ਨਿਊਜ਼: ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ।

ਜਗੀਰ ਕੌਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦੇ ਇੱਛੁਕ ਹਨ ਅਤੇ ਖੁਦ ਨੂੰ ਸਲਾਨਾ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ।

ਜਿਸ ਤੋਂ ਬਾਅਦ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਨੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਐਲਾਨ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਉਨ੍ਹਾਂ ਨਾਲ ਕੋਈ ਵਾਹ ਵਾਸਤਾ ਨਾਲ ਰੱਖਣ ਦੀ ਹਦਾਇਤ ਕੀਤੀ।

ਜਗੀਰ ਕੌਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਸਖ਼ਤ ਟਿੱਪਣੀ ਕਰਦਿਆਂ ਕਿਹਾ, ”ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਬਾਹਰ ਕੀਤਾ ਹੋਇਆ ਹੈ, ਉਹ ਮੈਨੂੰ ਕੀ ਕੱਢਣਗੇ।”

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿਦੇ ਹਨ ਕਿ ਜਗੀਰ ਕੌਰ ਆਜ਼ਾਦ ਫੈਸਲੇ ਲੈਣ ਦੀ ਹਿੰਮਤ ਰੱਖਦੀ ਹੈ, ਜੋ ਗੁਰੂਘਰ ਦੀ ਮਰਿਆਦਾ ਦੀ ਉਲੰਘਣਾ ਬਰਦਾਸ਼ਤ ਨਹੀਂ ਕਰਦੀ।

ਅਕਾਲੀ ਦਲ ਦੀ ਲੀਡਰਸ਼ਿਪ ਦੇ ਸੰਕਟ, ਬਗਾਵਤ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਵਰਤੇ ਜਾਂਦੇ ਕਥਿਤ ਲਿਫਾਫਾ ਸੱਭਿਆਚਾਰ ਬਾਰੇ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ। ਜਿਸ ਦੇ ਚੋਣਵੇਂ ਅੰਸ਼ ਇੱਥੇ ਛਾਪੇ ਦਾ ਰਹੇ ਹਨ।

ਸਵਾਲ: ਬੀਬੀ ਜਗੀਰ ਕੌਰ ਦੀ ਬਗਾਵਤ ਅਤੇ ਬਰਖਾਸਤਗੀ ਦਾ ਅਕਾਲੀ ਦਲ ਉਪਰ ਕੀ ਅਸਰ ਪਵੇਗਾ

ਜਗਤਾਰ ਸਿੰਘ: ਜਦੋਂ ਬੀਬੀ ਜਗੀਰ ਕੌਰ ਵੱਲੋਂ ਚੋਣ ਲੜਨ ਦੇ ਐਲਾਨ ਦੀ ਖ਼ਬਰ ਆਈ ਸੀ ਤਾਂ ਉਸ ਦਿਨ ਹੀ ਤੈਅ ਹੋ ਗਿਆ ਸੀ ਕਿ ਜੇਕਰ ਉਹ ਪਿੱਛੇ ਨਾ ਹਟੇ, ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇਗਾ।

ਅਕਾਲੀ ਦਲ ਦੀ ਪ੍ਰਧਾਨਗੀ ਬਾਦਲ ਪਰਿਵਾਰ ਕੋਲ ਆਉਣ ਤੋਂ ਬਾਅਦ ਜਗੀਰ ਕੌਰ ਦੂਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਨ, ਜਿਨ੍ਹਾਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਇਆ ਹੈ।

ਇਸ ਤੋਂ ਪਹਿਲਾਂ 1999 ਵਿੱਚ ਗੁਰਚਰਨ ਸਿੰਘ ਟਹੌੜਾ ਨੂੰ ਪਾਰਟੀ ਵਿਚੋਂ ਕੱਢਿਆ ਗਿਆ ਸੀ।

ਹੁਣ ਮੁੱਦਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵਰਗੀਆਂ ਸੰਸਥਾਵਾਂ ਵਿੱਚ ਜੋ ਨਿਘਾਰ ਪਿਛਲੇ ਸਾਲਾਂ ਵਿੱਚ ਆਇਆ ਹੈ, ਉਸ ਨੂੰ ਠੀਕ ਕਿਵੇਂ ਕਰਨਾ ਹੈ?

ਜਦੋਂ ਤੱਕ ਇਹ ਸੰਸਥਾਵਾਂ ਮੁੜ ਸੁਰਜੀਤ ਨਹੀਂ ਹੁੰਦੀਆਂ, ਉਦੋਂ ਤੱਕ ਅਕਾਲੀ ਦਲ ਵੀ ਮੁੜ ਸੁਰਜੀਤ ਨਹੀਂ ਹੋਵੇਗਾ।

ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਵਾਰ-ਵਾਰ ਲੋਕਾਂ ਵੱਲੋਂ ਨਕਾਰਿਆ ਜਾ ਰਿਹਾ ਹੈ।

ਸੰਗਰੂਰ ਜ਼ਿਮਨੀ ਚੋਣ ਵਿੱਚ ਵੀ ਅਕਾਲੀ ਦਲ ਭਾਜਪਾ ਨਾਲੋਂ ਹੇਠਾਂ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਕਿਸੇ ਵੇਲੇ ਵੀ ਐਲਾਨ ਹੋ ਸਕਦੇ ਹੈ ਪਰ ਆਮ ਲੋਕ ਮਤ ਹੈ ਕਿ ਅਕਾਲੀ ਦਲ ਇਸ ਵਿਚੋਂ ਬਾਹਰ ਹੋਵੇਗਾ। ਬੇਸ਼ੱਕ ਕੋਈ ਵੀ ਜਿੱਤੇ ।

ਸਵਾਲ: ਜਗੀਰ ਕੌਰ ਖੁਦ ਸੱਤਾ ਮਾਣ ਚੁੱਕੇ ਹਨ ਪਰ ਲਿਫਾਫੇ ਦੀ ਰੀਤ ਉਪਰ ਹੁਣ ਸਵਾਲ ਕਿਉਂ ਉਠਾ ਰਹੇ ਹਨ?

ਜਗਤਾਰ ਸਿੰਘ: ਇਹ ਮੌਕਾ ਪ੍ਰਸਤੀ ਵੀ ਹੋ ਸਕਦੀ ਹੈ। ਜਦਕਿ ਮੁੱਦੇ ਮੌਕੇ ਉਪਰ ਚੁੱਕੇ ਜਾਂਦੇ ਹਨ।

ਬੀਬੀ ਜਗੀਰ ਕੌਰ ਖੁਦ ਪਹਿਲੀ ਵਾਰ ਲਿਫਾਫਾ ਕਲਚਰ ਵਿੱਚੋਂ ਪ੍ਰਧਾਨ ਬਣੇ ਸਨ।

ਅਸਲ ਵਿੱਚ ਲਿਫਾਫਾ ਕਲਚਰ ਹੈ ਕੀ ?

ਪ੍ਰਧਾਨਗੀ ਦੀ ਚੋਣ ਤੋਂ ਇਕ ਦਿਨ ਪਹਿਲਾਂ ਅਕਾਲੀ ਦਲ ਦੀ ਮੀਟਿੰਗ ਹੁੰਦੀ ਸੀ ਅਤੇ ਪਾਰਟੀ ਪ੍ਰਧਾਨ ਨੂੰ ਸਭ ਅਧਿਕਾਰ ਦੇ ਦਿੱਤੇ ਜਾਂਦੇ ਸਨ।

ਉਹ ਹੀ ਸਾਰੇ ਉਮੀਦਵਾਰ ਤੈਅ ਕਰਦਾ ਸੀ ਅਤੇ ਅਗਲੇ ਦਿਨ ਇਜ਼ਲਾਸ ਵਿੱਚ ਪ੍ਰਧਾਨਗੀ ਅਤੇ ਹੋਰ ਅਹੁਦਿਆਂ ਦੀ ਲਿਸਟ ਹੀ ਆਉਂਦੀ ਸੀ।

ਸਵਾਲ : ਜਗੀਰ ਕੌਰ ਖ਼ਿਲਾਫ਼ ਕਰਾਵਾਈ ਵਾਲੀਆਂ ਇਹਨਾਂ ਹਲਾਤਾਂ ਵਿਚ ਕਿਸ ਦਾ ਨੁਕਸਾਨ ਹੈ, ਅਕਾਲੀ ਦਲ ਦਾ ਜਾਂ ਜਗੀਰ ਕੌਰ ਦਾ?

ਜਗਤਾਰ ਸਿੰਘ : ਅਕਾਲੀ ਦਲ ਸਿੱਖਾਂ ਦੀ ਇੱਕ ਸੰਸਥਾ ਸੀ। ਮੈਂ ਇਸ ਨੂੰ ਪੰਥਕ ਸਿਆਸਤ ਦਾ ਤੀਜਾ ਥੰਮ ਗਿਣਦਾ ਹਾਂ।

ਪਹਿਲਾ ਅਕਾਲ ਤਖ਼ਤ ਸਾਹਿਬ, ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤੀਜੇ ਨੰਬਰ ਉਪਰ ਅਕਾਲੀ ਦਲ ਹੈ, ਜੋਂ ਸ਼੍ਰੋਮਣੀ ਕਮੇਟੀ ਨੇ ਬਣਾਇਆ ਸੀ।

ਸਾਲ 2015 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰਹਾਇਸ ਉਪਰ ਜਥੇਦਾਰਾਂ ਨੂੰ ਬੁਲਾ ਕੇ ਮੀਟਿੰਗ ਕੀਤੀ, ਜੋ ਮਰਿਆਦਾ ਦੇ ਖਿਲਾਫ਼ ਸੀ।

ਇਹ ਪਾਰਟੀ ਵੱਲੋਂ ਇਹਨਾਂ ਸੰਸਥਾਵਾਂ ਨੂੰ ਚਲਾਏ ਜਾਣ ਦੀ ਇੱਕ ਉਦਾਹਰਣ ਹੈ।

ਇਸ ਮੀਟਿੰਗ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੀ ਕਰਵਾਈ ਲਈ ਕਿਹਾ ਗਿਆ।

ਪਰ ਜਗੀਰ ਕੌਰ ਨੇ ਹੁਣ ਲਕੀਰ ਖਿੱਚ ਦਿੱਤੀ ਹੈ।

ਇਸ ਸਮੇਂ ਨੁਕਸਾਨ ਅਕਾਲੀ ਦਲ ਦਾ ਹੋ ਰਿਹਾ ਹੈ। ਪਾਰਟੀ ਕੋਲ ਸਿਰਫ਼ ਤਿੰਨ ਵਿਧਾਇਕ ਰਹਿ ਗਏ ਹਨ।

ਮੇਰੇ ਮੁਤਾਬਕ ਮੌਜੂਦਾ ਲੀਡਰਸ਼ਿਪ ਨਾਲ ਅਕਾਲੀ ਦਲ ਮੁੜ ਸੁਰਜੀਤ ਨਹੀਂ ਹੋ ਸਕਦਾ।

ਸਵਾਲ: ਕੀ ਬੀਬੀ ਜਗੀਰ ਕੌਰ ਦੇ ਮਾਮਲੇ ਵਿੱ ਸਥਿਤੀ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਸੀ?

ਜਗਤਾਰ ਸਿੰਘ: ਜਗੀਰ ਕੌਰ ਨੇ ਸੁਖਬੀਰ ਬਾਦਲ ਨੂੰ ਆਪਣੀ ਚੋਣ ਲੜਨ ਦੀ ਇੱਛਾ ਤੋਂ ਜਾਣੂ ਕਰਵਾ ਦਿੱਤਾ ਸੀ ਪਰ ਉਹਨਾਂ ਕਿਹਾ ਕਿ ਇਹ ਤਾਂ ਕੋਰ ਕਮੇਟੀ ਫ਼ੈਸਲਾ ਕਰੇਗੀ।

ਜਗੀਰ ਕੌਰ ਵਿੱਚ ਆਜ਼ਾਦ ਫ਼ੈਸਲੇ ਲੈਣ ਦੀ ਹਿੰਮਤ ਸੀ।

ਜਦੋਂ ਪਿਛਲੇ ਸਮੇਂ ਵੀ ਉਹ ਪ੍ਰਧਾਨ ਸਨ ਤਾਂ ਉਹਨਾਂ ਦੇ ਮਰਿਆਦਾ ਨੂੰ ਲੈ ਕੇ ਬਾਦਲ ਪਰਿਵਾਰ ਨਾਲ ਮਤਭੇਦ ਹੋ ਗਏ ਸਨ। ਬੀਬੀ ਮਰਿਆਦਾ ਨੂੰ ਲੈ ਕੇ ਕਦੇ ਵੀ ਸਮਝੌਤਾ ਨਹੀਂ ਕਰਦੀ ਹੈ।

ਸਵਾਲ: ਕੀ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਰੌਚਕ ਹੋ ਗਈ ਹੈ?

ਜਗਤਾਰ ਸਿੰਘ: ਇਹ ਚੋਣ ਹਰਜਿੰਦਰ ਸਿੰਘ ਧਾਮੀ ਅਤੇ ਜਗੀਰ ਕੌਰ ਵਿਚਕਾਰ ਨਹੀਂ ਹੈ ਸਗੋਂ ਸੁਖਬੀਰ ਸਿੰਘ ਬਾਦਲ ਅਤੇ ਜਗੀਰ ਕੌਰ ਵਿਚਕਾਰ ਹੋ ਗਈ ਹੈ।

ਹੁਣ ਮਸਲਾ ਇਹ ਹੋ ਗਿਆ ਹੈ ਕਿ ਸਿੱਖ ਸੰਸਥਾਵਾਂ ਨੂੰ ਮੁੜ ਸੁਰਜੀਤ ਕਿਵੇਂ ਕਰਨਾ ਹੈ ਅਤੇ ਅਕਾਲੀ ਦਲ ਕਿਵੇਂ ਮੁੜ ਤੋਂ ਖੜਾ ਹੋ ਸਕਦਾ ਹੈ?

ਜੇਕਰ ਬੀਬੀ 40 ਤੋਂ 50 ਵੋਟਾਂ ਵੀ ਲੈ ਜਾਂਦੀ ਹੈ ਤਾਂ ਸੁਖਬੀਰ ਬਾਦਲ ਉਪਰ ਸਵਾਲ ਖੜਾ ਹੋ ਜਾਵੇਗਾ।

ਲੋਕਾਂ ਤੋਂ ਬਾਅਦ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਖਬੀਰ ਦੀ ਲੀਡਰਸ਼ਿਪ ਉਪਰ ਸਵਾਲ ਖੜੇ ਕਰਦੇ ਹਨ ਤਾਂ ਇਹ ਵੱਡੀ ਗੱਲ ਹੋ ਜਾਵੇਗੀ।

ਸਵਾਲ: ਟੌਹੜਾ, ਢੀਂਡਸਾ ਅਤੇ ਹੋਰ ਵੱਡੇ ਲੀਡਰਾਂ ਨੇ ਵੀ ਬਗਾਵਤਾਂ ਕੀਤੀਆਂ ਪਰ ਅਕਾਲੀ ਦਲ ਨੂੰ ਫਰਕ ਨਹੀਂ ਪਿਆ। ਬੀਬੀ ਦੇ ਵਿਦਰੋਹ ਨਾਲ ਕੁਝ ਹੋਵੇਗਾ ?

ਜਗਤਾਰ ਸਿੰਘ: ਅਕਾਲੀ ਦਲ ਨੂੰ ਖੋਰਾ 1999 ਤੋਂ ਹੀ ਲੱਗਣਾ ਸ਼ੁਰੂ ਹੋ ਗਿਆ ਸੀ।

ਇਹਨਾਂ ਨੂੰ ਲੱਗਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਜਾਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਜਾਣ ਨਾਲ ਫ਼ਰਕ ਨਹੀਂ ਪਿਆ ਪਰ ਲੋਕ ਫ਼ਰਕ ਪਾਉਂਦੇ ਹਨ।

ਇਹ ਸਭ ਚੋਣਾਂ ਵਿੱਚ ਦਿਖਦਾ ਹੈ।

ਪਾਰਟੀ ਲਈ ਸੰਕਟ ਦੀ ਘੜੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਅਹਿਮ ਹੋਵੇਗੀ ਇੱਕ ਤਰ੍ਹਾਂ ਨਾਲ ਅਕਾਲੀ ਦਲ ਦੀ ਹੋਂਦ ਦੇ ਨਜ਼ਰੀਏ ਨਾਲ ਕਾਫ਼ੀ ਅਹਿਮ ਹੋਵੇਗੀ।