GTA News Media

Top Info Bar
22.1°C Toronto Loading date...
Punjab

ਸੁਲਤਾਨਪੁਰ ਲੋਧੀ ‘ਚ ਗ੍ਰੰਥੀ ‘ਤੇ ਹੋਇਆ ਹਮਲਾ, ਹਸਪਤਾਲ ‘ਚ ਦਾਖ਼ਲ

ਸੁਲਤਾਨਪੁਰ ਲੋਧੀ ‘ਚ ਗ੍ਰੰਥੀ ‘ਤੇ ਹੋਇਆ ਹਮਲਾ, ਹਸਪਤਾਲ ‘ਚ ਦਾਖ਼ਲ
Share this post via:

ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬੀਤੇ ਦਿਨ ਮੂੰਹ ਬੰਨ੍ਹ ਕੇ ਆਏ ਵਿਅਕਤੀ ਨੇ ਡਿਊਟੀ ’ਤੇ ਤਾਇਨਾਤ ਗ੍ਰੰਥੀ ਸਿੰਘ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਡਿਊਟੀ ’ਤੇ ਤਾਇਨਾਤ ਗ੍ਰੰਥੀ ਸਿੰਘ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਹਮਲਾਵਰ ਨੂੰ ਮੌਕੇ ’ਤੇ ਸੇਵਾਦਾਰਾਂ ਵੱਲੋਂ ਕਾਬੂ ਕਰ ਲਿਆ ਅਤੇ ਮੈਨੇਜਰ ਵੱਲੋਂ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਗ੍ਰੰਥੀ ਸਿੰਘ ਅੰਮ੍ਰਿਤਪਾਲ ਸਿੰਘ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਅਤੇ ਮੀਤ ਮੈਨੇਜਰ ਭਾਈ ਚੈਚਲ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਹਜ਼ੂਰੀ ਰਾਗੀ ਜਥਾ ਗੁਰਬਾਣੀ ਦਾ ਕੀਰਤਨ ਕਰ ਰਿਹਾ ਸੀ ਤਾਂ ਇਕ ਵਿਅਕਤੀ ਗੁਰਦੁਆਰਾ ਸ੍ਰੀ ਹੱਟ ਸਾਹਿਬ ਅੰਦਰ ਆਇਆ, ਜਿਸ ਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ। ਅਖਾਂ ’ਤੇ ਐਨਕਾਂ ਲਗਾ ਕੇ ਚਿਹਰਾ ਛੁਪਾਇਆ ਹੋਇਆ ਸੀ, ਜਿਸ ਨੂੰ ਵੇਖ ਕੇ ਡਿਊਟੀ ’ਤੇ ਤਾਇਨਾਤ ਗ੍ਰੰਥੀ ਸਿੰਘ ਨੂੰ ਸ਼ੱਕ ਹੋਇਆ ਅਤੇ ਉਸ ਨੇ ਵਿਅਕਤੀ ਨੂੰ ਮੂੰਹ ਤੋਂ ਕੱਪੜਾ ਉਤਾਰਨ ਲਈ ਕਿਹਾ, ਜਿਸ ’ਤੇ ਉਸ ਵਿਅਕਤੀ ਨੇ ਆਪਣੀ ਸਿਰੀ ਸਾਹਿਬ ਕੱਢ ਕੇ ਮਾਰ ਦਿੱਤੀ ਅਤੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਅੰਦਰ ਥਾਪੀਆਂ ਮਾਰਨ ਲੱਗ ਪਿਆ।

ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਸੰਗਤ ਨੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਕੁਝ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਲਿਜਾ ਕੇ ਉਸ ਦੀ ਕੁੱਟਮਾਰ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਪਤਾ ਲੱਗਦੇ ਹੀ ਉਹ ਮੌਕੇ ’ਤੇ ਪੁੱਜ ਗਏ ਅਤੇ ਸੰਗਤਾਂ ਕੋਲੋਂ ਇਸ ਵਿਅਕਤੀ ਨੂੰ ਛੁਡਵਾ ਕੇ ਪੁਲਿਸ ਹਵਾਲੇ ਕਰ ਦਿਤਾ। ਪੁਲਿਸ ਨੇ ਸਬੰਧਤ ਵਿਅਕਤੀ ਨੂੰ ਲਿਜਾ ਕੇ ਪਹਿਲਾਂ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਤੇ ਉਪਰੰਤ ਜਾਂਚ ਆਰੰਭ ਕਰ ਦਿੱਤੀ ਹੈ । ਇਸ ਸੰਬੰਧੀ ਸੰਪਰਕ ਕਰਨ ‘ਤੇ ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਨੂੰ ਪੁਲਿਸ ਹਿਰਾਸਤ ’ਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।