GTA News Media

Top Info Bar
22.1°C Toronto Loading date...
Punjab

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਵੀ ਆ ਗਈ ਸਾਹਮਣੇ

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਵੀ ਆ ਗਈ ਸਾਹਮਣੇ
Share this post via:

https://www.youtube.com/watch?v=YJYxKMmQtXw

ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਬੀਤੇ ਦਿਨੀਂ ਦਿੱਤੀ ਗਈ ਇੰਟਰਵਿਊ ਨੂੰ ਲੈ ਕੇ ਮਚੇ ਘਮਸਾਨ ਵਿਚਾਲੇ ਉਸ ਦੀ ਦੂਜੀ ਇੰਟਰਵਿਊ ਵੀ ਸਾਹਮਣੇ ਆ ਗਈ ਹੈ। ਇਸ ਵਾਰ ਉਸ ਦੀ ਲੁੱਕ ਬਦਲੀ ਹੋਈ ਲੱਗ ਰਹੀ ਹੈ। ਇਕ ਟੀ. ਵੀ. ਨਿਊਜ਼ ਚੈਨਲ ਦੀ ਇੰਟਰਵਿਊ ’ਚ ਲਾਰੈਂਸ ਕਹਿ ਰਿਹਾ ਹੈ ਕਿ ਜਿਸ ਦਿਨ ਉਹ ਅਭਿਨੇਤਾ ਸਲਮਾਨ ਖਾਨ ਨੂੰ ਮਾਰੇਗਾ, ਉਸੇ ਦਿਨ ਗੁੰਡਾ ਅਖਵਾਏਗਾ। ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਇਕ ਦਿਨ ਪਹਿਲਾਂ ਹੀ ਇਹ ਦਾਅਵਾ ਕੀਤਾ ਗਿਆ ਸੀ ਕਿ ਟੀ. ਵੀ. ਚੈਨਲ ’ਤੇ ਚੱਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਤੋਂ ਨਹੀਂ ਹੋਇਆ।

ਉਨ੍ਹਾਂ ਕਿਹਾ ਸੀ ਕਿ ਇਸ ਦੇ ਪੁਖਤਾ ਤੱਥ ਹਨ ਕਿਉਂਕਿ ਲਾਰੈਂਸ ਨੂੰ 8 ਮਾਰਚ ਨੂੰ ਰਾਜਸਥਾਨ ਪੁਲਸ ਨੇ ਪੰਜਾਬ ਦੇ ਹਵਾਲੇ ਕੀਤਾ ਸੀ, ਜਿਸ ਸਮੇਂ ਉਸ ਦੇ ਛੋਟੇ-ਛੋਟੇ ਵਾਲ ਸਨ ਅਤੇ ਦਾੜ੍ਹੀ ਵੀ ਨਾਮਾਤਰ ਹੀ ਸੀ, ਜਦਕਿ ਇੰਟਰਵਿਊ ਵਿਚ ਉਸ ਦੇ ਵੱਡੇ-ਵੱਡੇ ਵਾਲ ਅਤੇ ਵੱਡੀ ਦਾੜ੍ਹੀ ਵਿਖਾਈ ਗਈ ਸੀ। ਸ਼ੁੱਕਰਵਾਰ ਨੂੰ ਟੀ. ਵੀ. ਚੈਨਲ ’ਤੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਦੂਜਾ ਭਾਗ ਜਾਰੀ ਕੀਤਾ ਗਿਆ, ਜਿਸ ਵਿਚ ਉਸ ਦੇ ਵਾਲ ਵੀ ਛੋਟੇ ਹਨ ਅਤੇ ਦਾੜ੍ਹੀ ਵੀ ਨਾਮਾਤਰ ਹੀ ਹੈ। ਤਾਜ਼ਾ ਇੰਟਰਵਿਊ ’ਚ ਲਾਰੈਂਸ ਬਿਸ਼ਨੋਈ ਨੇ ਇਕ ਵਾਰ ਫਿਰ ਤੋਂ ਬਾਲੀਵੁੱਡ ਐਕਟਰ ਸਲਮਾਨ ਖਾਨ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਪਿਛਲੇ 4-5 ਸਾਲ ਤੋਂ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਵਿਚ ਹੈ ਪਰ ਸਫ਼ਲ ਨਹੀਂ ਹੋ ਸਕਿਆ। ਉਸ ਨੇ ਕਿਹਾ ਕਿ ਬਸ ਇਕ ਵਾਰ ਉਸ ਨਾਲ ਲੱਗੀ ਹੋਈ ਪੁਲਸ ਸੁਰੱਖਿਆ ਨੂੰ ਹਟਵਾ ਦਿੱਤਾ ਜਾਵੇ ਤਾਂ ਉਹ ਆਪਣਾ ਕੰਮ ਕਰ ਦੇਣਗੇ। ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਨਾਲ ਵੀ ਜਦੋਂ ਤੱਕ ਪੁਲਸ ਟੀਮ ਰਹੀ, ਉਨ੍ਹਾਂ ਨੇ ਹਮਲਾ ਨਹੀਂ ਕੀਤਾ ਕਿਉਂਕਿ ਉਹ ਪੁਲਸ ਨਾਲ ਸਿੱਧਾ ਪੰਗਾ ਨਹੀਂ ਚਾਹੁੰਦੇ ਪਰ ਜਿਉਂ ਹੀ ਉਸ ਦੀ ਸੁਰੱਖਿਆ ਹਟਣ ਦਾ ਪਤਾ ਲੱਗਾ ਤਾਂ ਹਮਲਾ ਕਰ ਦਿੱਤਾ ਗਿਆ।

ਉਸ ਨੇ ਕਿਹਾ ਕਿ ਸਲਮਾਨ ਖਾਨ ਜੇਕਰ ਆਪਣੇ ਕੀਤੇ ਲਈ ਸਮਾਜ ਦੇ ਮੰਦਰ ਵਿਚ ਜਾ ਕੇ ਮੁਆਫ਼ੀ ਮੰਗ ਲੈਂਦੇ ਹਨ ਤਾਂ ਉਹ ਖੁਦ ਉਨ੍ਹਾਂ ਦੇ ਪੈਰ ਫੜੇਗਾ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੌਕਾ ਮਿਲਦੇ ਹੀ ਮਾਰ ਦੇਣਗੇ। ਗੋਇੰਦਵਾਲ ਸਾਹਿਬ ਜੇਲ੍ਹ ਵਿਚ ਗੈਂਗਸਟਰਾਂ ਵਿਚਕਾਰ ਹੋਏ ਝਗੜੇ ਅਤੇ ਦੋ ਦੀ ਮੌਤ ਸਬੰਧੀ ਬੋਲਦੇ ਹੋਏ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਹ ਦੋਵੇਂ ਖੁਦ ਪੰਗੇ ਲੈ ਰਹੇ ਸਨ ਅਤੇ ਮਨਪ੍ਰੀਤ ਭਾਊ ਨਾਲ ਕੁੱਟਮਾਰ ਕੀਤੀ ਗਈ ਸੀ। ਜਿਸ ਦਿਨ ਮਾਰੇ ਗਏ, ਉਸ ਦਿਨ ਵੀ ਉਹੀ ਆਏ ਸਨ ਕੁੱਟਮਾਰ ਕਰਨ, ਲੜਕਿਆਂ ਨੇ ਗੋਲਡੀ ਬਰਾੜ ਨਾਲ ਗੱਲ ਕੀਤੀ ਸੀ ਅਤੇ ਉਸੇ ਨੇ ਜਵਾਬ ਦੇਣ ਨੂੰ ਕਹਿ ਦਿੱਤਾ। ਜੱਗੂ ਭਗਵਾਨਪੁਰੀਆ ਨਾਲ ਹੋਈ ਤਕਰਾਰ ਸਬੰਧੀ ਪੁੱਛੇ ਜਾਣ ’ਤੇ ਬਿਸ਼ਨੋਈ ਨੇ ਕਿਹਾ ਕਿ ਜੱਗੂ ਨਸ਼ੇ ਦਾ ਕੰਮ ਕਰਦਾ ਹੈ, ਇਸ ਲਈ ਹੁਣ ਬਰਦਾਸ਼ਤ ਨਹੀਂ ਕਰਨਗੇ। ਬਿਸ਼ਨੋਈ ਨੇ ਕਿਹਾ ਕਿ ਜਿਵੇਂ ਕਿ ਗੋਲਡੀ ਬਰਾੜ ਨੇ ਪੋਸਟ ਵਿਚ ਕਿਹਾ ਹੈ, ਹੁਣ ਅਸੀਂ ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਨਹੀਂ ਛੱਡਾਂਗੇ।

ਬੱਬੂ ਮਾਨ ਅਤੇ ਮਨਕੀਰਤ ਔਲਖ ਨਾਲ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਬੱਬੂ ਮਾਨ ਨੂੰ ਉਹ ਨਹੀਂ ਜਾਣਦਾ ਪਰ ਮਨਕੀਰਤ ਨੂੰ ਯੂਨੀਵਰਸਿਟੀ ’ਚ ਮਿਲਿਆ ਸੀ। ਉਦੋਂ ਉਹ ਦੋਵੇਂ ਵਿਦਿਆਰਥੀ ਸਨ ਅਤੇ ਵਿੱਕੀ ਮਿੱਡੂਖੇੜਾ ਦੇ ਜ਼ਰੀਏ ਹੀ ਮਿਲੇ ਸਨ ਪਰ ਯੂਨੀਵਰਸਿਟੀ ਤੋਂ ਬਾਅਦ ਨਹੀਂ ਮਿਲੇ।

ਖ਼ਾਲਿਸਤਾਨ ਅਤੇ ਅੰਮ੍ਰਿਤਪਾਲ ਸਿੰਘ ਬਾਰੇ ਪੁੱਛੇ ਗਏ ਸਵਾਲ ’ਤੇ ਲਾਰੈਂਸ ਨੇ ਕਿਹਾ ਕਿ ਇਹ ਬੇਵਜ੍ਹਾ ਦਾ ਮੁੱਦਾ ਹੈ। ਉਸ ਨੇ ਕਿਹਾ ਕਿ ਉਹ ਤਿਹਾੜ ਜੇਲ੍ਹ ਵਿਚ ‘ਬਾਬਾ’ ਜਗਤਾਰ ਸਿੰਘ ਹਵਾਰਾ ਨਾਲ ਵੀ ਕਾਫ਼ੀ ਸਮਾਂ ਹੈਂਡਬਾਲ ਖੇਡਦਾ ਰਿਹਾ ਹੈ ਅਤੇ ਪਟਿਆਲਾ ਜੇਲ੍ਹ ਵਿਚ ‘ਬਾਬਾ’ ਰਾਜੋਆਣਾ ਨੂੰ ਵੀ ਮਿਲਿਆ ਸੀ, ਉਨ੍ਹਾਂ ਦੋਵਾਂ ਦੇ ਮੂੰਹ ਵਿਚੋਂ ਕਦੇ ਵੀ ਖ਼ਾਲਿਸਤਾਨ ਦੀ ਗੱਲ ਨਹੀਂ ਸੁਣੀ ਤਾਂ ਇਹ ਕਿਹੜੇ ਖ਼ਾਲਿਸਤਾਨ ਦੀ ਗੱਲ ਕਰਦਾ ਹੈ।