ਟੋਰਾਂਟੋ ‘ਚ ਵੱਡੇ ਹਮਲੇ ਦੀ ਯੋਜਨਾ ਬਨਾਉਣ ਵਾਲੇ ਪਿਉ-ਪੁੱਤ ਗ੍ਰਿਫ਼ਤਾਰ
ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਦਲ ਆਰ.ਸੀ.ਐਮ.ਪੀ. ਨੇ ਦੋਵੇਂ ਪਿਉ-ਪੁੱਤ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜੋ ਟੋਰਾਂਟੋ ਵਿੱਚ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਸਹਾਇਕ ਕਮਿਸ਼ਨਰ ਮੈਟ ਪੈਗਜ਼ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਲਗਭਗ ਇੱਕ ਮਹੀਨੇ ਦੀ ਪੜਤਾਲ ਦੇ ਬਾਅਦ, 62 ਸਾਲਾਂ ਦੇ ਅਹਿਮਦ ਫੁਆਦ ਮੁਸਤਫਾ ਅਲਦੀਦੀ ਅਤੇ 26 ਸਾਲਾਂ ਦੇ ਮੁਸਤਫਾ ਅਲਦੀਦੀ ਨੂੰ ਰਿਚਮੰਡ ਹਿਲ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ‘ਤੇ ਇਸਲਾਮਿਕ ਸਟੇਟ ਦੇ ਹੁਕਮਾਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾਉਣ ਸਣੇ ਕੁੱਲ 9 ਦੋਸ਼ ਲਗਾਏ ਗਏ ਹਨ। ਹਾਲਾਂਕਿ, ਸੰਭਾਵਿਤ ਹਮਲੇ ਦੀ ਕਿਸਮ ਬਾਰੇ ਪੁਲਿਸ ਵੱਲੋਂ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ, ਪਰ ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਇਸ ਸਮੇਂ ਟੋਰਾਂਟੋ ਦੇ ਵਾਸੀਆਂ ਲਈ ਕੋਈ ਖਤਰਾ ਨਹੀਂ ਹੈ।
ਗ੍ਰਿਫ਼ਤਾਰੀ ਦੌਰਾਨ, ਅਲਦੀਦੀ ਪਿਉ-ਪੁੱਤ ਤੋਂ ਇੱਕ ਕੁਹਾੜੀ ਅਤੇ ਮਸ਼ੇਟੀ ਵੀ ਬਰਾਮਦ ਕੀਤੀ ਗਈ। ਸੁਪੀਰੀਅਰ ਕੋਰਟ ਵਿਚ ਦਾਖਲ ਦਸਤਾਵੇਜ਼ਾਂ ਦੇ ਮੁਤਾਬਿਕ, ਦੋਵੇਂ ਕੈਨੇਡੀਅਨ ਨਾਗਰਿਕ ਹਨ ਅਤੇ ਸਕਾਰਬ੍ਰੋਅ ਵਿਖੇ ਰਹਿੰਦੇ ਹਨ। ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਘਰ ਵਿੱਚ ਕੌਣ ਰਹਿ ਰਿਹਾ ਹੈ। ਇਸ ਤੋਂ ਪਹਿਲਾਂ, ਦੋਵਾਂ ਦੇ ਖਿਲਾਫ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਪੁਲਿਸ ਨੇ ਇਸ ਦੀ ਵੀ ਜਾਣਕਾਰੀ ਨਹੀਂ ਦਿੱਤੀ ਕਿ ਕਿਹੜੇ ਆਧਾਰ ‘ਤੇ ਪੜਤਾਲ ਸ਼ੁਰੂ ਕੀਤੀ ਗਈ। ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਅਹਿਮਦ ਨੇ 2015 ਵਿੱਚ ਕੈਨੇਡਾ ਤੋਂ ਬਾਹਰ ਇਕ ਗੰਭੀਰ ਅਪਰਾਧ ਕੀਤਾ ਸੀ। ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ ਅਲ ਬਗਦਾਦੀ ਨੇ 2014 ਵਿੱਚ ਜਿਹਾਦ ਦਾ ਐਲਾਨ ਕੀਤਾ ਸੀ ਅਤੇ 2019 ਵਿੱਚ ਅਮਰੀਕੀ ਹਮਲੇ ਦੌਰਾਨ ਮਾਰਿਆ ਗਿਆ ਸੀ।