GTA News Media

Top Info Bar
22.1°C Toronto Loading date...
Punjab

ਪਤੀ ਨੇ ਜ਼ਮੀਨ ਵੇਚਕੇ ਭੇਜਿਆ ਸੀ ਕੈਨੇਡਾ, ਪਤਨੀ ਨੇ ਕਰਾਇਆ ਦੂਜਾ ਵਿਆਹ

ਪਤੀ ਨੇ ਜ਼ਮੀਨ ਵੇਚਕੇ ਭੇਜਿਆ ਸੀ ਕੈਨੇਡਾ, ਪਤਨੀ ਨੇ ਕਰਾਇਆ ਦੂਜਾ ਵਿਆਹ
Share this post via:

ਜਿਲਾ ਗੁਰਦਾਸਪੁਰ ਦੇ ਪਿੰਡ ਪੈਰੋ ਸ਼ਾਹ ਦੇ ਰਹਿਣ ਵਾਲੇ ਹਰਮਿੰਦਰ ਸਿੰਘ ਨੇ ਆਪਣੀ ਵਿਦੇਸ਼ ਪੜ੍ਹਾਈ ਲਈ ਗਈ ਪਤਨੀ ਤੇ ਧੋਖਾ ਦੇਣ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਉਸ ਦੇ ਖਿਲਾਫ ਸ਼ਿਕਾਇਤ ਕੀਤੀ ਹੈ। ਇਸ ਸੰਬੰਧ ਵਿੱਚ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਸਹਿਤ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਬਟਾਲਾ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਹਰਮਿੰਦਰ ਸਿੰਘ ਦਾ ਵਿਆਹ ਕਰੀਬ 12 ਸਾਲ ਪਹਿਲਾਂ ਬਟਾਲਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਲੜਕੀ ਨਾਲ ਹੋਇਆ ਸੀ। ਦੋਵੇਂ ਇਕੱਠੇ ਪੜ੍ਹਦੇ ਸਨ ਅਤੇ ਉਨ੍ਹਾਂ ਦਾ ਰਿਸ਼ਤਾ ਉਨ੍ਹਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਤੈਅ ਹੋਇਆ ਸੀ। ਵਿਆਹ ਦੇ ਕਰੀਬ ਤਿੰਨ ਮਹੀਨੇ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ।

ਉਸ ਨੇ ਦੱਸਿਆ ਕਿ ਦੋਵਾਂ ਨੇ ਆਪਣੇ ਚੰਗੇ ਭਵਿੱਖ ਦਾ ਸੁਪਨਾ ਦੇਖਿਆ ਅਤੇ ਉਸ ਨੇ ਆਪਣੀ ਪਤਨੀ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਅਤੇ ਕਾਲਜ ਦੀ ਫੀਸ ਵੀ ਅਦਾ ਕਰਦਾ ਰਿਹਾ। ਆਪਣੀ ਪਤਨੀ ਦੀ ਫੀਸ ਭਰਨ ਲਈ ਉਸ ਨੇ ਆਪਣੀ ਜੱਦੀ ਜ਼ਮੀਨ ਵੀ ਵੇਚ ਦਿੱਤੀ। ਹਰਮਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਦੀ ਪਤਨੀ ਉਸ ਨੂੰ ਕੈਨੇਡਾ ਲੈ ਜਾਣ ਲਈ ਜ਼ੋਰ ਪਾਉਂਦੀ ਰਹੀ ਅਤੇ ਦੋ-ਤਿੰਨ ਵਾਰ ਉਸ ਨੇ ਆਪਣੀ ਫਾਈਲ ਵੀ ਲਗਾਈ ਪਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਉਸ ਨੂੰ ਕੈਨੇਡਾ ਦਾ ਵੀਜ਼ਾ ਨਹੀਂ ਮਿਲ ਸਕਿਆ।

ਕੈਨੇਡਾ ਰਹਿੰਦੇ ਉਸ ਦੇ ਦੋਸਤਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੀ ਪਤਨੀ ਨੇ ਕੈਨੇਡਾ ਵਿਚ ਦੂਜਾ ਵਿਆਹ ਕਰਵਾ ਲਿਆ ਹੈ । ਜਦੋਂ ਉਸ ਨੇ ਆਪਣੀ ਪਤਨੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਉਸ ਨਾਲ ਦੁਰਵਿਵਹਾਰ ਕੀਤਾ। ਹੁਣ ਉਸਦੀ ਪਤਨੀ ਨੇ ਉਸਦੇ ਸਾਰੇ ਫੋਨ ਨੰਬਰ ਬਲਾਕ ਕਰ ਦਿੱਤੇ ਹਨ।

ਨੌਜਵਾਨ ਦੀ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਨਾਲ ਲੜਕੀ ਵੱਲੋਂ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ, ਜਿਸ ਕਾਰਨ ਉਸ ਦੇ ਦਿਲ ਨੂੰ ਬਹੁਤ ਠੇਸ ਪੁੱਜੀ ਹੈ। ਉਸ ਨੇ ਦੱਸਿਆ ਕਿ ਉਸ ਨੇ ਐਸਐਸਪੀ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲੀਸ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਪੁਲੀਸ ਨੇ ਪੀੜਤ ਹਰਮਿੰਦਰ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇਗਾ।