ਭਾਜਪਾ ਆਗੂ ਨੂੰ CM ਮਾਨ ਨਾਲ ਸੈਲਫੀ ਸ਼ੇਅਰ ਕਰਨ ’ਤੇ ਕੀਤਾ ਮੁਅੱਤਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੈਲਫੀ ਲੈ ਕੇ ਫੇਸਬੁੱਕ ਉਤੇ ਸ਼ੇਅਰ ਕਰਨ ਵਾਲੇ ਭਾਜਪਾ ਆਗੂ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਕਿਸ਼ਨ ਸਿੰਘ ਸੋਲੰਕੀ ਨੂੰ ‘ਪਾਰਟੀ ਵਿਰੋਧੀ ਗਤੀਵਿਧੀਆਂ’ ਲਈ ਮੁਅੱਤਲ ਕੀਤਾ ਗਿਆ ਹੈ।
ਬੀਜੇਪੀ ਦੀ ਗੁਜਰਾਤ ਇਕਾਈ ਦੇ ਇੱਕ ਬਿਆਨ ਮੁਤਾਬਕ ਅਹਿਮਦਾਬਾਦ ਤੋਂ ਬੀਜੇਪੀ ਦੇ ਨੇਤਾ ਕਿਸ਼ਨ ਸਿੰਘ ਸੋਲੰਕੀ ਨੇ ਕਰੀਬ ਛੇ ਮਹੀਨੇ ਪਹਿਲਾਂ ਤੱਕ ਪਾਰਟੀ ਦੇ ਬੁਲਾਰੇ ਵਜੋਂ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਨੂੰ ਤਤਕਾਲ ਪ੍ਰਭਾਵ ਨਾਲ ਛੇ ਸਾਲਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ।
ਸੋਲੰਕੀ ਨੇ ਐਤਵਾਰ ਰਾਤ ਪੰਜਾਬ ਦੇ CM ਭਗਵੰਤ ਮਾਨ ਨਾਲ ਆਪਣੀ ਇੱਕ ਤਸਵੀਰ ਫੇਸਬੁਕ ਪੇਜ ‘ਤੇ ਸ਼ੇਅਰ ਕੀਤੀ ਸੀ, ਜਿਸ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ ਕਿ ‘ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਧੰਨਵਾਦ ਭਗਵੰਤ ਮਾਨ ਜੀ’।
ਗੁਜਰਾਤ ਭਾਜਪਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਹਿਮਦਾਬਾਦ ਜ਼ਿਲ੍ਹੇ ਦੇ ਭਾਜਪਾ ਆਗੂ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਸੂਬਾ ਭਾਜਪਾ ਪ੍ਰਧਾਨ ਸੀ.ਆਰ. ਪਾਟਿਲ ਦੇ ਹੁਕਮਾਂ ’ਤੇ ਤੁਰੰਤ ਪ੍ਰਭਾਵ ਨਾਲ ਛੇ ਸਾਲਾਂ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।