GTA News Media

Top Info Bar
22.1°C Toronto Loading date...
Punjab

ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੇ ਚਿੱਤਰ ਤਿਆਰ ਕਰਨ ਲਈ ਕਾਰਜਸ਼ਾਲਾ ਦੀ ਆਰੰਭਤਾ

ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੇ ਚਿੱਤਰ ਤਿਆਰ ਕਰਨ ਲਈ ਕਾਰਜਸ਼ਾਲਾ ਦੀ ਆਰੰਭਤਾ
Share this post via:

ਅੰਮ੍ਰਿਤਸਰ- ਗੁਰੂ ਕੇ ਬਾਗ ਦਾ ਮੋਰਚਾ ਅਤੇ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮਾਂ ਦੀ ਸ਼ੁਰੂਆਤ ਅੱਜ ਚਿੱਤਰਕਲਾ ਕਾਰਜਸ਼ਾਲਾ ਨਾਲ ਕੀਤੀ ਗਈ। ਇਹ ਕਾਰਜਸ਼ਾਲਾ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਪ੍ਰਬੰਧਕੀ ਬਲਾਕ ਵਿਖੇ ਲਗਾਈ ਗਈ ਹੈ, ਜਿਸ ਦੀ ਸਮਾਪਤੀ 17 ਜੁਲਾਈ ਨੂੰ ਹੋਵੇਗੀ। ਇਸ ਵਿਚ ਵੱਖ-ਵੱਖ ਥਾਵਾਂ ਤੋਂ ਪੁੱਜੇ 30 ਚਿੱਤਰਕਾਰ ਗੁਰੂ ਕਾ ਬਾਗ ਮੋਰਚਾ ਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਨਾਲ ਸਬੰਧਤ ਘਟਨਾਵਾਂ ਦੇ ਚਿੱਤਰ ਤਿਆਰ ਕਰਨਗੇ, ਜਿਨ੍ਹਾਂ ਨੂੰ ਸ਼ਤਾਬਦੀ ਸਮਾਗਮਾਂ ਦੌਰਾਨ ਪ੍ਰਦਰਸ਼ਨੀ ਦੇ ਰੂਪ ਵਿਚ ਸਜਾਇਆ ਜਾਵੇਗਾ।

ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੇ ਚਿੱਤਰ ਤਿਆਰ ਕਰਨ ਲਈ ਲਗਾਈ ਗਈ ਇਸ ਕਾਰਜਸ਼ਾਲਾ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਕਾ ਬਾਗ ਮੋਰਚਾ ਅਤੇ ਸ੍ਰੀ ਪੰਜਾ ਸਾਹਿਬ ਦਾ ਸ਼ਹੀਦੀ ਸਾਕਾ ਸਿੱਖ ਇਤਿਹਾਸ ਦੇ ਅਹਿਮ ਪੰਨੇ ਹਨ, ਜਿਨ੍ਹਾਂ ਦੇ 100 ਸਾਲਾ ਸਮਾਗਮਾਂ ਨੂੰ ਵਿਸ਼ਾਲ ਪੱਧਰ ’ਤੇ ਮਨਾਇਆ ਜਾਣਾ ਹੈ। ਇਨ੍ਹਾਂ ਦੋਹਾਂ ਸ਼ਤਾਬਦੀਆਂ ਦੌਰਾਨ ਜਿਥੇ ਵੱਖ-ਵੱਖ ਸਮਾਗਮ ਉਲੀਕੇ ਗਏ ਹਨ, ਉਥੇ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕਾਰ ਸ. ਹਰਵਿੰਦਰ ਸਿੰਘ ਖਾਲਸਾ ਦੀ ਨਿਗਰਾਨੀ ਹੇਠ ਚਿੱਤਰਕਲਾ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਕਾਰਜਸ਼ਾਲਾ ਦੌਰਾਨ ਦੋਹਾਂ ਦਿਹਾੜਿਆਂ ਨਾਲ ਸਬੰਧਤ ਇਤਿਹਾਸ ਨੂੰ ਚਿੱਤਰਾਂ ਰਾਹੀਂ ਸਾਹਮਣੇ ਲਿਆਂਦਾ ਜਾਵੇਗਾ ਅਤੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨੀ ਲਗਾ ਕੇ ਸੰਗਤਾਂ ਤੱਕ ਲਿਜਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਕਾਰਜਸ਼ਾਲਾ ਦੌਰਾਨ ਤਿਆਰ ਕੀਤੇ ਗਏ ਇਤਿਹਾਸਕ ਚਿੱਤਰਾਂ ਦੀ ਵੀਡੀਓ ਡਾਕੂਮੈਂਟਰੀ ਤਿਆਰ ਕੀਤੀਆਂ ਜਾਵੇਗੀ, ਤਾਂ ਜੋ ਨਵੀਂ ਪੀੜ੍ਹੀ ਨੂੰ ਆਧੁਨਿਕ ਸੰਚਾਰ ਸਾਧਨਾਂ ਰਾਹੀਂ ਇਨ੍ਹਾਂ ਦੋਹਾਂ ਸਾਕਿਆਂ ਦੇ ਇਤਿਹਾਸ ਨਾਲ ਜੋੜਿਆ ਜਾ ਸਕੇ।