ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ ਮਨਾਈ ਗਈ 39ਵੀਂ ਬਰਸੀ
ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦਿੱਤਾ। ਨਾਲ ਹੀ ਬਲਿਊ ਸਟਾਰ ਅਪਰੇਸ਼ਨ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਜਥੇਦਾਰ ਨੇ ਕਿਹਾ ਕਿ ਘੱਲੂਘਾਰੇ ਦੀ ਯਾਦ ਵਿਚ ਬੈਠੇ ਹਾਂ। ਜੇ ਭਾਰਤ ਸਰਕਾਰ ਨੂੰ ਲਗਦਾ ਹੈ ਕਿ ਸਿੱਖ ’84 ‘ਚ ਮਿਲੇ ਡੂੰਘੇ ਜ਼ਖ਼ਮ ਭੁੱਲ ਜਾਣ ਤਾਂ ਇਹ ਨਹੀਂ ਭੁਲਾਏ ਜਾਣੇ। ਖਾਲਸਾ ਸਮਰੱਥ ਹੈ। ਸਾਡੀ ਸ਼ਕਤੀ ਘੱਟ ਨਹੀਂ ਸਗੋਂ ਬਿਖਰੀ ਹੈ, ਇਸ ਨੂੰ ਇੱਕਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਿੱਕੇ ਨਿੱਕੇ ਮਤਭੇਦ ਭੁਲਾਕੇ ਸ੍ਰੀ ਆਕਾਲ ਤਖ਼ਤ ਸਾਹਿਬ ਦੀ ਅਗਵਾਈ ‘ਚ ਸਿੱਖ ਸ਼ਕਤੀ ਵਿਚ ਇਕੱਠੇ ਹੋਈਏ।
ਜਥੇਦਾਰ ਨੇ ਕਿਹਾ ਕਿ ਜੇਕਰ ਅਸੀਂ ਇਕੱਠੇ ਹੋ ਜਾਵਾਂਗੇ ਤਾਂ ਸਾਨੂੰ ਕਿਸੇ ਤੋਂ ਇਨਸਾਫ਼ ਮੰਗਣ ਦੀ ਲੋੜ ਨਹੀਂ ਪਵੇਗੀ, ਅਸੀਂ ਸਰਕਾਰ ਨੂੰ ਝੁਕਾ ਸਕਦੇ ਹਾਂ ਪਰ ਇਸ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਸਾਰੇ ਜਥੇਬੰਦੀਆਂ ਇੱਕਠੇ ਹੋ ਕੇ ਇਕ ਕਾਫ਼ਲਾ ਪਿੰਡ-ਪਿੰਡ ਤਕ ਪ੍ਰਚਾਰ ਲਈ ਚਲੀਏ। ਅਸੀਂ ਇਕੱਠੇ ਹੋਈਏ ਸਿੱਖ ਸ਼ਕਤੀ ਬਣਾਈਏ। ਸਰਕਾਰ ਸਾਨੂੰ ’84 ਯਾਦ ਦਿਵਾਉਂਦੇ ਹਨ ਅਸੀਂ ’84 ਯਾਦ ਕਰਕੇ ਮਜ਼ਬੂਤ ਹੁੰਦੇ ਹਾਂ। ਜਿਹੜੇ ਸਾਡੇ ਤੋਂ ਦੂਰ ਹੋ ਚੁੱਕੇ ਹਨ, ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ, ਉਨ੍ਹਾਂ ਨੂੰ ਮੋੜ ਕੇ ਲਿਆਈਏ। ਉਨ੍ਹਾਂ ਨੂੰ ਦੱਸੀਏ ਕਿ ਤੁਹਾਡਾ ਘਰ ਇਹ ਹੈ। ਸਿੱਖ ਸੰਸਥਾਵਾਂ ਇਸ ਕੰਮ ਲਈ ਅੱਗੇ ਆਉਣ ਤੇ ਸਿੱਖ ਸ਼ਕਤੀ ਨੂੰ ਇਕੱਠਾ ਕਰਨ।