ਹਰਸਿਮਰਤ ਕੌਰ ਬਾਦਲ ਨੇ ਨਵਜੋਤ ਸਿੱਧੂ ਨੂੰ ਦੱਸਿਆ ਭਗੌੜਾ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਨਵਜੋਤ ਸਿੱਧੂ ਨੂੰ ਭਗੌੜਾ ਕਰਾਰ ਦਿੱਤਾ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਬਹੁਤ ਜਲਦੀ ਸਾਬਤ ਹੋ ਜਾਵੇਗਾ ਕਿ ਨਵਜੋਤ ਸਿੱਧੂ ਪੰਜਾਬ ਤੋਂ ਭੱਜਣ ਵਾਲਾ ਹੈ। ਹੁਣ ਜਦੋਂ ਸਿੱਧੂ ਕਾਂਗਰਸ ਪ੍ਰਧਾਨ ਬਣ ਗਿਆ ਹੈ ਤਾਂ ਉਹ ਪੂਰੀ ਪਾਰਟੀ ਨੂੰ ਅੱਗ ਲਾ ਕੇ ਭੱਜਣ ਵਾਲਾ ਹੈ।
ਹਰਸਿਮਰਤ ਨੇ ਕਿਹਾ ਕਿ ਕੁਝ ਹੀ ਦਿਨਾਂ ਦੀ ਗੱਲ ਹੈ, ਜੇਕਰ ਸਾਡੇ ਮਾਝੇ ਦੇ ਜਰਨੈਲ (ਬਿਕਰਮ ਮਜੀਠੀਆ) ਨੇ ਆ ਕੇ ਨਵਜੋਤ ਸਿੱਧੂ ਖਿਲਾਫ ਚੋਣ ਲੜੀ ਤਾਂ ਮੈਨੂੰ ਲੱਗਦਾ ਹੈ ਕਿ ਸਿੱਧੂ ਚੋਣਾਂ ਤੋਂ ਪਹਿਲਾਂ ਹੀ ਭੱਜ ਜਾਵੇਗਾ। ਅੱਜ ਮਜੀਠਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਥਿਰ ਸਰਕਾਰ ਦੀ ਲੋੜ ਹੈ। ਲੋਕਾਂ ਨੂੰ ਦਿੱਲੀ ਦੀ ਖਰੀਦੋ-ਫਰੋਖਤ ਵਾਲੀਆਂ ਪਾਰਟੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਬਾਦਲ ਸਾਹਿਬ ਨੇ ਆਪਣੇ ਜੀਵਨ ਦੇ 70 ਸਾਲ ਲੋਕ ਸੇਵਾ ਵਿੱਚ ਬਤੀਤ ਕੀਤੇ ਹਨ ਅਤੇ ਹੁਣ ਵੀ ਹਲਕਾ ਲੰਬੀ ਦੇ ਲੋਕ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣਗੇ।
ਬਿਕਰਮ ਮਜੀਠੀਆ ‘ਤੇ ਪਰਚੇ ਦੇ ਮੁੱਦੇ ‘ਤੇ ਬੋਲਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਸੀ. ਐੱਮ. ਚੰਨੀ ਦੇ ਕਿਸੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਜਾਂ ਹੋਰ ਕੋਈ ਚੀਜ਼ ਬਰਾਮਦ ਹੋਈ ਹੈ, ਪਰ ਅਜੇ ਤੱਕ ਉਸ ਵਿਰੁੱਧ ਕੋਈ ਐੱਫਆਈਆਰ ਜਾਂ ਕਾਰਵਾਈ ਨਹੀਂ ਹੋਈ ਹੈ।