GTA News Media

Top Info Bar
22.1°C Toronto Loading date...
Toronto/GTA

ਗ੍ਰੀਨਬੈਲਟ ਮਾਮਲੇ ‘ਤੇ ਓਨਟਾਰੀਓ ਦੇ ਹਾਊਸਿੰਗ ਮਿਨਿਸਟਰ ਦੇ ਅਸਤੀਫੇ ਦੀ ਮੰਗ ਜਾਰੀ

ਗ੍ਰੀਨਬੈਲਟ ਮਾਮਲੇ ‘ਤੇ ਓਨਟਾਰੀਓ ਦੇ ਹਾਊਸਿੰਗ ਮਿਨਿਸਟਰ ਦੇ ਅਸਤੀਫੇ ਦੀ ਮੰਗ ਜਾਰੀ
Share this post via:

ਓਨਟਾਰੀਓ ਦੇ ਹਾਊਸਿੰਗ ਮਿਨਿਸਟਰ ਨੇ ਵਿਵਾਦਗ੍ਰਸਤ ਗ੍ਰੀਨਬੈਲਟ ਡੀਲ ਵਿਚ ਆਪਣੀ ਭੂਮਿਕਾ ਲਈ ਮੁਆਫ਼ੀ ਮੰਗੀ ਹੈ। ਪ੍ਰੀਮੀਅਰ ਡਗ ਫ਼ੋਰਡ ਦੇ ਸਮਰਥਨ ਨਾਲ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਆਪਣੇ ਅਹੁਦੇ ‘ਤੇ ਬਣੇ ਰਹਿਣਗੇ। ਪਰ ਵਿਰੋਧੀ ਧਿਰਾਂ ਵੱਲੋਂ ਅਜੇ ਵੀ ਸਟੀਵ ਕਲਾਰਕ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਗ਼ੌਰਤਲਬ ਹੈ ਕਿ ਓਨਟਾਰੀਓ ਦੇ ਇੰਟੈਗ੍ਰਿਟੀ ਕਮਿਸ਼ਨਰ ਜੇ. ਡੇਵਿਡ ਵੇਕ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਗ੍ਰੀਨਬੈਲਟ ਵਿਚੋਂ ਨਿਰਮਾਣ ਵਾਸਤੇ ਜ਼ਮੀਨ ਹਟਾਉਣ ਦੀ ਪ੍ਰਕਿਰਿਆ ਦੌਰਾਨ ਕਲਾਰਕ ਨੇ ਮੈਂਬਰਜ਼ ਇਨਟੈਗ੍ਰਿਟੀ ਐਕਟ ਦੇ ਦੋ ਸੈਕਸ਼ਨਾਂ ਦੀ ਉਲੰਘਣਾ ਕੀਤੀ ਹੈ। ਪਿਛਲੇ ਸਾਲ, ਸੂਬੇ ਨੇ 50,000 ਘਰ ਬਣਾਉਣ ਲਈ ਗ੍ਰੀਨਬੈਲਟ ਵਿੱਚੋਂ 7,400 ਏਕੜ ਜ਼ਮੀਨ ਕੱਢੀ ਸੀ ਅਤੇ ਇਸ ਦੀ ਥਾਂ ਲਗਭਗ 9,400 ਏਕੜ ਜ਼ਮੀਨ ਹੋਰ ਕਿਤੇ ਲੈ ਲਈ ਸੀ।

ਇੰਟੈਗ੍ਰਿਟੀ ਕਮਿਸ਼ਨਰ ਨੇ ਪਾਇਆ ਕਿ ਗ੍ਰੀਨਬੈਲਟ ਜ਼ਮੀਨ ਹਟਾਉਣ ਦੀ ਪ੍ਰਕਿਰਿਆ ਵਿਚ ਬੇਲੋੜੀ ਜਲਦਬਾਜ਼ੀ ਅਤੇ ਧੋਖਾਧੜੀ ਵੀ ਕੀਤੀ ਗਈ ਸੀ। ਕਮਿਸ਼ਨਰ ਨੇ ਪਾਇਆ ਕਿ ਕਲਾਰਕ ਦਾ ਚੀਫ਼ ਔਫ਼ ਸਟਾਫ ਜ਼ਮੀਨ ਦੀ ਡੀਲ ਵਿਚ ਇੱਕ ਅਹਿਮ ਧੁਰਾ ਸੀ ਜਿਸ ਨੇ ਜ਼ਮੀਨਾਂ ਨੂੰ ਹਾਊਸਿੰਗ ਨਿਰਮਾਣ ਲਈ ਚੁਣਨ ਦੀ ਪ੍ਰਕਿਰਿਆ ਦੌਰਾਨ ਕੁਝ ਡਿਵੈਲਪਰਾਂ ਨੂੰ ਲਾਭ ਪਹੁੰਚਾਇਆ ਅਤੇ ਮਿਨਿਸਟਰ ਕਲਾਰਕ ਆਪਣੇ ਸਟਾਫ ਦੀ ਨਿਗਰਾਨੀ ਕਰਨ ਵਿੱਚ ਅਸਫ਼ਲ ਰਹੇ।

ਵੇਕ ਨੇ ਓਨਟੇਰਿਓ ਨੂੰ ਸਟੀਵ ਕਲਾਰਕ ਦੀ ਤਾੜਨਾ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਵੀਰਵਾਰ ਨੂੰ ਇੱਕ ਨਿਊਜ਼ ਕਾਨਫ਼੍ਰੰਸ ਵਿਚ ਸਟੀਵ ਕਲਾਰਕ ਨੇ ਕਿਹਾ ਕਿ ਇੰਟੈਗ੍ਰਿਟੀ ਕਮਿਸ਼ਨਰ ਦੀ ਰਿਪੋਰਟ ਪ੍ਰਕਿਰਿਆ ਵਿਚ ਬਹੁਤ ਸਪਸ਼ਟ ਖ਼ਾਮੀਆਂ ਵੱਲ ਇਸ਼ਾਰਾ ਕਰਦੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹ ਆਪਣੇ ਸਾਬਕਾ ਚੀਫ਼ ਆਫ਼ ਸਟਾਫ਼ ਅਤੇ ਜ਼ਮੀਨ ਦੀ ਚੋਣ ਪ੍ਰਕਿਰਿਆ ‘ਤੇ ਲੋੜੀਂਦੀ ਨਿਗਰਾਨੀ ਨਹੀਂ ਕਰ ਪਾਏ। ਓਨਟਾਰੀਓ ਵਾਸੀਆਂ ਤੋਂ ਮੈਂ ਦਿਲੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ, ਕਿ ਮੈਂ ਨਿਗਰਾਨੀ ਨਹੀਂ ਕੀਤੀ।