ਟੋਰਾਂਟੋ ‘ਚ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ: ਐਨਵਾਇਰਨਮੈਂਟ ਕੈਨੇਡਾ
ਐਨਵਾਇਰਨਮੈਂਟ ਕੈਨੇਡਾ ਨੇ GTA ਵਿਚ ਆਉਂਦੇ ਕ੍ਰਿਸਮਸ ਵੀਕੈਂਡ ‘ਤੇ ਜ਼ਬਰਦਸਤ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ (ਨਵੀਂ ਵਿੰਡੋ) ਦਿੱਤੀ ਹੈ। ਤੂਫ਼ਾਨ ਦੌਰਾਨ ਤੇਜ਼ ਬਾਰਿਸ਼ਾਂ, ਬਰਫ਼, ਹਵਾਵਾਂ ਅਤੇ ਬੇਹੱਦ ਠੰਡੇ ਤਾਪਮਾਨ (ਫ਼ਲੈਸ਼ ਫ਼੍ਰੀਜ਼) ਦਾ ਅਨੁਮਾਨ ਹੈ। ਸੋਮਵਾਰ ਨੂੰ ਐਨਵਾਇਰਨਮੈਂਟ ਕੈਨੇਡਾ ਨੇ ਵਿਸ਼ੇਸ਼ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਇਸ ਹੌਲੀਡੇਅ ਵੀਕੈਂਡ ਦੌਰਾਨ ਆਪਣੀਆਂ ਯਾਤਰਾ ਯੋਜਨਾਵਾਂ ‘ਤੇ ਮੁੜ ਵਿਚਾਰ ਕਰਨ ਕਿਉਂਕਿ ਅਜਿਹੇ ਮੌਸਮ ਵਿਚ ਯਾਤਰਾ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਟੋਰਾਂਟੋ ਵਿਚ ਵੀਰਵਾਰ ਦੇਰ ਸ਼ਾਮ ਤੋਂ ਬਰਫ਼ ਜਾਂ ਮੀਂਹ ਦਾ ਸਿਲਸਿਲਾ ਸ਼ੁਰੂ ਹੋ ਕੇ ਸ਼ੁੱਕਰਵਾਰ ਸਵੇਰ ਤੱਕ ਜਾਰੀ ਰਹਿ ਸਕਦਾ ਹੈ। ਸ਼ੁੱਕਰਵਾਰ ਨੂੰ ਤਾਪਮਾਨ ਵਿਚ ਕਾਫ਼ੀ ਗਿਰਾਵਟ ਹੋਣ ਦਾ ਅਨੁਮਾਨ ਹੈ, ਜਿਸ ਕਰਕੇ ਫ਼ਲੈਸ਼ ਫ਼੍ਰੀਜ਼ ਯਾਨੀ ਜਮਾਉਣ ਵਾਲੀ ਠੰਡ ਦੇ ਹਾਲਾਤ ਪੈਦਾ ਹੋਣ ਦੀ ਕਾਫ਼ੀ ਸੰਭਾਵਨਾ ਹੈ। ਭਾਰੀ ਬਰਫ਼ਬਾਰੀ ਦੇ ਨਾਲ ਬੇਹੱਦ ਤੇਜ਼ ਹਵਾਵਾਂ ਦੀ ਵੀ ਸੰਭਾਵਨਾ ਹੈ।
ਟੋਰਾਂਟੋ ਵਿੱਚ ਸ਼ਨੀਵਾਰ ਦੀ ਰਾਤ ਦਾ ਤਾਪਮਾਨ ਇਸ ਸਰਦੀਆਂ ਵਿੱਚ ਹੁਣ ਤੱਕ ਦਾ ਸਭ ਤੋਂ ਠੰਡਾ ਤਾਪਮਾਨ ਹੋ ਸਕਦਾ ਹੈ। ਲੋਕਾਂ ਨੂੰ ਇੱਕ ਐਮਰਜੈਂਸੀ ਯੋਜਨਾ ਬਣਾਉਣ ਅਤੇ ਪੀਣ ਵਾਲੇ ਪਾਣੀ, ਭੋਜਨ, ਦਵਾਈਆਂ, ਫ਼ਸਟ ਏਡ ਕਿੱਟ ਅਤੇ ਫ਼ਲੈਸ਼ਲਾਈਟ ਸਣੇ ਇੱਕ ਐਮਰਜੈਂਸੀ ਕਿੱਟ ਤਿਆਰ ਕਰਨ ਦੀ ਅਪੀਲ ਕੀਤੀ ਗਈ ਹੈ।