ਤਨਖਾਹਾਂ ਵਿੱਚ ਵਾਧੇ ਦੀ ਸਹਿਮਤੀ ਤੋਂ ਬਾਅਦ CRA ਦੇ 35,000 ਵਰਕਰਾਂ ਦੀ ਹੜਤਾਲ ਖਤਮ
CRA ਦੇ 35,000 ਵਰਕਰਾਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ ਅਤੇ ਫ਼ੈਡਰਲ ਸਰਕਾਰ ਦਰਮਿਆਨ ਅਸਥਾਈ ਸਮਝੌਤਾ ਹੋ ਗਿਆ ਹੈ। ਵੀਰਵਾਰ ਸਵੇਰੇ ਜਾਰੀ ਵੱਖਰੀਆਂ ਰਿਲੀਜ਼ਾਂ ਵਿਚ, CRA ਅਤੇ PSAC ਦੀ ਯੂਨੀਅਨ ਨੇ ਕਿਹਾ ਕਿ ਦੋਵੇਂ ਧਿਰਾਂ ਦਰਮਿਆਨ 4 ਸਾਲ ਦਾ ਸਮਝੌਤਾ ਹੋਇਆ ਹੈ ਅਤੇ ਵੀਰਵਾਰ ਸਵੇਰੇ 11:30 ਵਜੇ ਤੱਕ ਧਰਨਾ ਦੇ ਰਹੇ ਮੁਲਾਜ਼ਮ ਵਾਪਸ ਆਪਣੇ ਕੰਮਾਂ ਨੂੰ ਪਰਤਣਗੇ।
155,000 ਫ਼ੈਡਰਲ ਵਰਕਰਾਂ ਨੇ 19 ਅਪ੍ਰੈਲ ਨੂੰ ਦੇਸ਼ ਭਰ ਵਿਚ ਹੜਤਾਲ ਕੀਤੀ ਸੀ ਜਿਸ ਵਿਚ PSAC ਯੂਨੀਅਨ ਦੇ ਦੋ ਗਰੁੱਪ ਸ਼ਾਮਲ ਸਨ। ਪਹਿਲਾ ਗਰੁੱਪ, PSAC ਦਾ ਟ੍ਰੈਜ਼ਰੀ ਬੋਰਡ ਗਰੁੱਪ ਸੀ, ਜਿਸ ਵਿਚ ਮੁਲਕ ਭਰ ਦੇ 20 ਵਿਭਾਗਾਂ ਅਤੇ ਮਹਿਕਮਿਆਂ ਦੇ ਕਰੀਬ 120,000 ਵਰਕਰ ਸ਼ਾਮਲ ਸਨ। ਸੋਮਵਾਰ ਨੂੰ ਟ੍ਰੈਜ਼ਰੀ ਬੋਰਡ ਅਤੇ ਯੂਨੀਅਨ ਦਰਮਿਆਨ ਅਸਥਾਈ ਸਮਝੌਤਾ ਹੋ ਗਿਆ ਸੀ ਜਿਸ ਤੋਂ ਬਾਅਦ 120,000 ਫ਼ੈਡਰਲ ਵਰਕਰਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਸੀ।
ਦੂਸਰਾ ਗਰੁੱਪ, PSAC ਅਤੇ ਇਸਦੀ ਛੋਟੀ ਇਕਾਈ, ਯੂਨੀਅਨ ਔਫ਼ ਟੈਕਸੇਸ਼ਨ ਇੰਪਲੋਇਜ਼ ਦੀ ਨੁਮਾਇੰਦਗੀ ਹੇਠ ਸੀ, ਜਿਸ ਵਿਚ CRAਦੇ ਕਰੀਬ 35,000 ਵਰਕਰ ਸ਼ਾਮਲ ਸਨ। ਇਸ ਗਰੁੱਪ ਵੱਲੋਂ ਹੜਤਾਲ ਜਾਰੀ ਸੀ, ਪਰ ਹੁਣ ਇਨ੍ਹਾਂ ਅਤੇ ਸਰਕਾਰ ਦਰਮਿਆਨ ਵੀ ਅਸਥਾਈ ਡੀਲ ਸਿਰੇ ਚੜ੍ਹ ਗਈ ਹੈ। ਟ੍ਰੈਜ਼ਰੀ ਬੋਰਡ ਨਾਲ ਹੋਏ ਸਮਝੌਤੇ ਦੀ ਤਰਜ਼ ‘ਤੇ ਹੀ, CRA ਵਰਕਰਾਂ ਨਾਲ ਹੋਏ ਸਮਝੌਤੇ ਵਿਚ ਵੀ 4 ਸਾਲਾਂ ਵਿੱਚ 12.6 ਫ਼ੀਸਦੀ ਦਾ ਵੇਜ ਵਾਧਾ, ਅਤੇ ਇੱਕ ਵਾਰ ਲਈ 2,500 ਡਾਲਰ ਪੈਨਸ਼ਨ ਯੋਗ ਭੁਗਤਾਨ ਸ਼ਾਮਲ ਹੈ।