ਪ੍ਰੀਮੀਅਰਾਂ ਨੂੰ ਹੈਲਥ-ਕੇਅਰ ਸੰਕਟ ਬਾਰੇ ਗੱਲ ਕਰਨ ਦੀ ਲੋੜ: Canadian Medical Association
ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਅਤੇ ਹੈਲਥ-ਕੇਅਰ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ 14 ਹੋਰ ਸੰਸਥਾਵਾਂ ਨੇ ਅਪੀਲ ਕੀਤੀ ਹੈ ਕਿ ਪ੍ਰੀਮੀਅਰ ਜੁਲਾਈ ਵਿੱਚ ਆਪਣੀ ਅਗਲੀ ਮੀਟਿੰਗ ਦੌਰਾਨ ਹੈਲਥ ਕੇਅਰ ਨੂੰ ਏਜੰਡੇ ਦੇ ਸਿਖਰ ‘ਤੇ ਰੱਖਣ। ਹੈਲਥ-ਕੇਅਰ ਸੰਕਟ ‘ਤੇ ਵਿਚਾਰ-ਵਟਾਂਦਰੇ ਲਈ ਸੂਬਾਈ ਅਤੇ ਪ੍ਰਦੇਸ਼ਾਂ ਦੇ ਪ੍ਰੀਮੀਅਰਜ਼ ਪਿਛਲੇ ਸਾਲ ਕਈ ਵਾਰੀ ਮਿਲ ਚੁੱਕੇ ਹਨ ਅਤੇ ਇਸ ਮਸਲੇ ਦੇ ਹੱਲ ਲਈ ਫ਼ੈਡਰਲ ਸਰਕਾਰ ਕੋਲੋਂ ਹੋਰ ਪੈਸੇ ਵੀ ਮੰਗ ਚੁੱਕੇ ਹਨ।
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਫ਼ਰਵਰੀ ਦੌਰਾਨ ਇੱਕ ਡੀਲ ਦਾ ਐਲਾਨ ਕੀਤਾ ਸੀ ਜਿਸ ਤਹਿਤ ਫ਼ੈਡਰਲ ਸਰਕਾਰ ਅਗਲੇ 10 ਸਾਲਾਂ ਵਿਚ ਕੈਨੇਡਾ ਹੈਲਥ ਟ੍ਰਾਂਸਫ਼ਰ ਲਈ 196 ਬਿਲੀਅਨ ਡਾਲਰ ਦੇਵੇਗੀ। ਕਿਊਬੈਕ ਨੂੰ ਛੱਡ ਕੇ ਸਾਰੇ ਸੂਬੇ ਇਸ ਡੀਲ ਲਈ ਸਹਿਮਤ ਹੋਏ ਸਨ। ਕਈ ਡਾਕਟਰਾਂ ਅਤੇ ਨਰਸਾਂ ਦੀਆਂ ਅਸੋਸੀਏਸ਼ਨਾਂ ਦੀ ਤਰਫੋਂ ਇੱਕ ਪ੍ਰੈਸ ਰਿਲੀਜ਼ ਵਿੱਚ, ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਨੇ ਕਿਹਾ ਕਿ ਇਹ ਡੀਲ ਇੱਕ ਸਕਾਰਾਤਮਕ ਕਦਮ ਹੈ ਪਰ ਹੈਲਥ-ਕੇਅਰ ਸੰਕਟ ਖ਼ਤਮ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਬੇਤਹਾਸ਼ਾ ਉਡੀਕ ਸਮਾਂ, ਪ੍ਰਾਈਮਰੀ ਕੇਅਰ ਦੀ ਘਾਟ, ਵਰਕਰਾਂ ਦੀ ਕਮੀ ਅਤੇ ਸਮਰੱਥਾ ਤੋਂ ਵੱਧ ਜੂਝਦੇ ਐਮਰਜੈਂਸੀ ਰੂਮਜ਼, ਇਹ ਸਭ ਪ੍ਰੀਮੀਅਰਾਂ ਦੇ ਏਜੰਡੇ ਵਿਚ ਹੋਣੇ ਚਾਹੀਦੇ ਹਨ।
ਦ ਕੈਨੇਡੀਅਨ ਪ੍ਰੈੱਸ