ਫ਼ੂਡ ਬੈਂਕ ਵੱਲੋਂ ਅੰਤਰ ਰਾਸ਼ਟਰੀ ਵਿਦਿਆਰਥੀ ਨੂੰ ਭੋਜਨ ਦੇਣ ਤੋਂ ਇਨਕਾਰ
ਬਰੈਂਪਟਨ ਦੇ ਇੱਕ ਫ਼ੂਡ ਬੈਂਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਪੀਲ ਰੀਜਨ ਦੇ ਲੁਈਸ ਆਊਟਰੀਚ ਸੈਂਟਰ ਤੋਂ ਕੈਥਰੀਨ ਰਿਵੇਰਾ ਦਾ ਕਹਿਣਾ ਹੈ ਕਿ ਸਤੰਬਰ ਮਹੀਨੇ ਤੋਂ ਫ਼ੂਡ ਬੈਂਕ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧ ਰਹੀ ਆਮਦ ਦੇ ਕਾਰਨ ਉਹ ਭੋਜਨ ਦੀ ਵੱਧ ਰਹੀ ਮੰਗ ਪੂਰੀ ਕਰਨ ਵਿੱਚ ਅਸਮਰੱਥ ਹਨ।
ਹੋਰਨਾਂ ਵੱਲੋਂ ਫ਼ੂਡ ਬੈਂਕ ਨੂੰ ਅੰਤਰ ਰਾਸ਼ਟਰੀ ਵਿਦਿਆਰਥੀਆਂ ਬਾਬਤ ਲਏ ਫ਼ੈਸਲੇ ਉੱਪਰ ਮੁੜ ਵਿਚਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਨੈਸ਼ਨਲ ਡਾਇਰੈਕਟਰ, ਜਿੰਦੀ ਸਿੰਘ ਦਾ ਕਹਿਣਾ ਹੈ ਕਿ ਫ਼ੂਡ ਬੈਂਕ ਨੂੰ ਅਜਿਹੇ ਲੋਕ ਜਿਨ੍ਹਾਂ ਕੋਲ ਕਰੀਬ $668 ਪ੍ਰਤੀ ਮਹੀਨਾ ਹੁੰਦਾ ਹੈ , ਲਈ ਆਪਣੇ ਦਰਵਾਜ਼ੇ ਬੰਦ ਕਰਨ ਦੀ ਬਜਾਏ ਬਦਲ ਵੱਲ ਧਿਆਨ ਦੇਣਾ ਚਾਹੀਦਾ ਹੈ।
ਰਿਵੇਰਾ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਆਪਣੇ ਪਹਿਲੇ ਸਾਲ ਲਈ ਫ਼ੰਡ ਦਿਖਾਉਣ ਦੀ ਲੋੜ ਹੁੰਦੀ ਹੈ, ਅਤੇ ਇਸ ਲਈ ਫ਼ੂਡ ਬੈਂਕਾਂ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਰਿਵੇਰਾ ਨੇ ਕਿਹਾ ਸਾਨੂੰ 3-4 , ਕਦੇ-ਕਦੇ 9-10 ਦੇ ਸਮੂਹ ਮਿਲਦੇ ਹਨ ਅਤੇ ਉਹਨਾਂ ਦੇ ਬੈਕਪੈਕ ਮੁਫ਼ਤ ਸਮੱਗਰੀ ਲਈ ਤਿਆਰ ਹੁੰਦੇ ਹਨ।
ਇਹ ਨਹੀਂ ਸੋਚਣਾ ਚਾਹੀਦਾ ਕਿ ਵਿਦਿਆਰਥੀਆਂ ਕੋਲ ਇਕ ਸਾਲ ਦੇ ਫ਼ੰਡ ਹਨ ਕਿਉਂਕਿ ਖ਼ਰਚਾ ਬਹੁਤ ਵੱਧ ਗਿਆ ਹੈ। ਕੈਨੇਡਾ ਵਿੱਚ $60,000 ਕਮਾਉਣ ਵਾਲੇ ਕੈਨੇਡੀਅਨ ਵੀ ਫ਼ੂਡ ਬੈਂਕ ‘ਤੇ ਨਿਰਭਰ ਹੋ ਰਹੇ ਹਨ। ਜਿਉਂ-ਜਿਉਂ ਰਹਿਣ-ਸਹਿਣ ਦੀ ਲਾਗਤ ਵਧ ਰਹੀ ਹੈ, ਲੱਖਾਂ ਕੈਨੇਡੀਅਨਜ਼ ਫ਼ੂਡ ਬੈਂਕਾਂ ਵੱਲ ਦੇਖ ਰਹੇ ਹਨ। ਪੂਰੇ ਕੈਨੇਡਾ ਵਿੱਚ, ਫ਼ੂਡ ਬੈਂਕਾਂ ‘ਤੇ ਨਿਰਭਰਤਾ ਰਿਕਾਰਡ ਪੱਧਰ ‘ਤੇ ਪਹੁੰਚ ਰਹੀ ਹੈ।
ਫ਼ੂਡ ਬੈਂਕਸ ਕੈਨੇਡਾ ਦੀ ਇੱਕ ਅਕਤੂਬਰ ਦੀ ਰਿਪੋਰਟ ਅਨੁਸਾਰ 1989 ਦੇ ਮੁਕਾਬਲੇ ਬਾਅਦ ਫ਼ੂਡ ਬੈਂਕ ਦੀ ਵਰਤੋਂ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਡੇਲੀ ਬਰੈੱਡ ਫ਼ੂਡ ਬੈਂਕ ਦੀ ਸਭ ਤੋਂ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਜੁਲਾਈ 2022 ਦੇ ਮੁਕਾਬਲੇ ਜੂਨ 2023 ਦੌਰਾਨ 63 ਪ੍ਰਤੀਸ਼ਤ ਵਾਧਾ ਪਾਇਆ ਗਿਆ ਹੈ।