ਫੋਰਡ ਸਰਕਾਰ ਦੇ ਭਾਸ਼ਣ ‘ਚ ਹੈਲਥਕੇਅਰ ਸੰਕਟ ‘ਤੇ ਮਹਿੰਗਾਈ ਦਾ ਮੁੱਦਾ ਰਹੇ ਚਰਚਾ ਦਾ ਵਿਸ਼ਾ
ਕੁਈਨਜ਼ ਪਾਰਕ ਵਿਖੇ ਮੰਗਲਵਾਰ ਦੁਪਹਿਰ ਨੂੰ ਪੜ੍ਹੇ ਗਏ ਰਾਜ ਭਾਸ਼ਣ ਵਿੱਚ ਡੱਗ ਫੋਰਡ ਸਰਕਾਰ ਵੱਲੋਂ ਨਵੇਂ ਕਾਰਜਕਾਲ ਵਿੱਚ ਆਪਣੇ ਵੱਲੋਂ ਹਾਸਲ ਕੀਤੇ ਜਾਣ ਵਾਲੇ ਟੀਚਿਆਂ ਦਾ ਖੁਲਾਸਾ ਕੀਤਾ।
ਲੈਫਟੀਨੈਂਟ ਗਵਰਨਰ ਐਲਿਜ਼ਾਬੈੱਥ ਡਾਊਡਸਵੈੱਲ ਨੇ ਰਾਜ ਭਾਸ਼ਣ ਪੜ੍ਹ ਕੇ ਸੁਣਾਇਆ, ਜਿਸ ਵਿੱਚ ਸਰਕਾਰ ਵੱਲੋਂ ਹਸਪਤਾਲਾਂ ਨੂੰ ਪ੍ਰਭਾਵਿਤ ਕਰ ਰਹੇ ਹੈਲਥਕੇਅਰ ਸੰਕਟ ਦੀ ਗੱਲ ਤਰਜੀਹੀ ਤੌਰ ਉੱਤੇ ਕੀਤੀ ਗਈ। ਪਰ ਇਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਕਿ ਸਰਕਾਰ ਇਸ ਸੰਕਟ ਨਾਲ ਕਿਸ ਤਰ੍ਹਾਂ ਨਜਿੱਠੇਗੀ।
ਭਾਸ਼ਣ ਵਿੱਚ ਇਹ ਵੀ ਆਖਿਆ ਗਿਆ ਕਿ ਓਨਟਾਰੀਓ ਦੇ ਹੈਲਥ ਸਿਸਟਮ ਉੱਤੇ ਲਗਾਤਾਰ ਦਬਾਅ ਵੱਧ ਰਿਹਾ ਹੈ। ਲੋੜੋਂ ਵੱਧ ਕੰਮ ਕਰਨ ਕਾਰਨ ਵਰਕਫੋਰਸ ਹੰਭ ਚੁੱਕੀ ਹੈ ਤੇ ਐਮਰਜੰਸੀ ਡਿਪਾਰਟਮੈਂਟਸ ਉੱਤੇ ਬੋਝ ਵੱਧਦਾ ਜਾ ਰਿਹਾ ਹੈ। ਅਜੇ ਵੀ ਬਹੁਤ ਕੁੱਝ ਕੀਤਾ ਜਾ ਸਕਦਾ ਹੈ। ਸਰਕਾਰ ਇਸ ਸਮੱਸਿਆ ਦਾ ਤੋੜ ਲੱਭਣ ਲਈ ਹੈਲਥ ਸਿਸਟਮ ਪਾਰਟਨਰਜ਼ ਨਾਲ ਰਲ ਕੇ ਕੰਮ ਕਰ ਰਹੀ ਹੈ ਤੇ ਇਸ ਦਬਾਅ ਨੂੰ ਘੱਟ ਕਰਨ ਲਈ ਜਿਹੜੇ ਵੀ ਕਦਮ ਚੁੱਕਣੇ ਪੈਣਗੇ ਫੋਰਡ ਸਰਕਾਰ ਉਹ ਚੁੱਕੇਗੀ।
ਇਸ ਭਾਸ਼ਣ ਵਿੱਚ ਸਰਕਾਰ ਵੱਲੋਂ ਮੁੜ ਪੇਸ਼ ਕੀਤੇ ਗਏ ਬਜਟ ਉੱਤੇ ਵੀ ਚਾਨਣਾ ਪਾਇਆ ਗਿਆ। ਇਸ ਵਿੱਚ ਮਾਪਿਆਂ ਨੂੰ ਸਿੱਧੀ ਰਕਮ ਮੁਹੱਈਆਂ ਕਰਵਾਉਣ ਦੀ ਵੀ ਗੱਲ ਕੀਤੀ ਗਈ। ਇਸ ਵਾਸਤੇ ਦੋ ਸਾਲਾਂ ਵਿੱਚ ਸਰਕਾਰ ਵੱਲੋਂ 225 ਮਿਲੀਅਨ ਡਾਲਰ ਖਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਬਹੁਤਾ ਪੈਸਾ ਸਿੱਧੇ ਤੌਰ ਉੱਤੇ ਮਾਪਿਆਂ ਦੀ ਜੇਬ੍ਹ ਵਿੱਚ ਜਾਵੇਗਾ ਤੇ ਪਬਲਿਕ ਐਜੂਕੇਸ਼ਨ ਲਈ ਪ੍ਰੋਵਿੰਸ ਵੱਲੋਂ ਨਿਵੇਸ਼ ਕੀਤੇ ਜਾਣ ਵਾਲੇ 26·6 ਬਿਲੀਅਨ ਡਾਲਰ ਵਿੱਚੋਂ ਇਹ ਖਰਚਾ ਸੱਭ ਤੋਂ ਪਹਿਲਾਂ ਕੀਤਾ ਜਾਵੇਗਾ।
ਰਾਜ ਭਾਸ਼ਣ ਵਿੱਚ ਰਹਿਣ ਸਹਿਣ ਦੀ ਵੱਧ ਰਹੀ ਲਾਗਤ ਤੇ ਮਹਿੰਗਾਈ ਦੀ ਗੱਲ ਵੀ ਕੀਤੀ ਗਈ। ਲੋਕਾਂ ਨੂੰ ਹੁਣ ਰੋਜ਼ਮਰਾ ਦਾ ਸਮਾਨ ਖਰੀਦਣ ਜਿਵੇਂ ਕਿ ਗਰੌਸਰੀ ਅਤੇ ਗੈਸ ਆਦਿ ਉੱਤੇ ਵੀ ਵੱਧ ਖਰਚਾ ਕਰਨਾ ਪੈ ਰਿਹਾ ਹੈ ਜਿਸ ਨਾਲ ਘਰਾਂ ਦੇ ਬਜਟ ਹਿੱਲ ਗਏ ਹਨ। ਪਰ ਇਸ ਬਾਰੇ ਸਰਕਾਰ ਨੇ ਆਖਿਆ ਕਿ ਇਸ ਵੱਧ ਰਹੀ ਮਹਿੰਗਾਈ ਦਾ ਕੋਈ ਸੁਖਾਲਾ ਹੱਲ ਹਾਲ ਦੀ ਘੜੀ ਨਜ਼ਰ ਨਹੀਂ ਆਉਂਦਾ।
ਸਰਕਾਰ ਨੇ ਅਗਲੇ ਦਸ ਸਾਲਾਂ ਵਿੱਚ ਸੜਕਾਂ ਚੌੜੀਆਂ ਕਰਨ, ਹਾਈਵੇਅਜ਼ ਤੇ ਟਰਾਂਜਿ਼ਟ ਇਨਫਰਾਸਟ੍ਰਕਚਰ ਦੇ ਨਿਰਮਾਣ ਉੱਤੇ 86·6 ਬਿਲੀਅਨ ਡਾਲਰ ਖਰਚਣ ਦਾ ਤਹੱਈਆ ਵੀ ਪ੍ਰਗਟਾਇਆ। ਇਸ ਦੇ ਨਾਲ ਹੀ ਸਰਕਾਰ ਨੇ ਤਥਾ-ਕਥਿਤ ਸਟਰੌਂਗ ਮੇਅਰ ਸਿਸਟਮ ਲਿਆਉਣ ਦੀ ਗੱਲ ਵੀ ਕੀਤੀ।