ਲਿਬਰਲ MPP ਮਿਟਜ਼ੀ ਹੰਟਰ ਹੁਣ ਟੋਰਾਂਟੋ ਦੇ ਮੇਅਰ ਦੀ ਲੜੇਗੀ ਚੋਣ
ਓਨਟਾਰੀਓ ਤੋਂ ਲਿਬਰਲ MPP ਮਿਟਜ਼ੀ ਹੰਟਰ ਨੇ ਕਿਹਾ ਕਿ ਉਹ ਟੋਰਾਂਟੋ ਦੇ ਮੇਅਰ ਦੀ ਚੋਣ ਵਿਚ ਖੜੇ ਹੋਣ ਲਈ ਆਪਣੀ ਸੂਬਾਈ ਸੀਟ ਤੋਂ ਅਸਤੀਫ਼ਾ ਦੇਣ ਦੀ ਯੋਜਨਾ ਬਣਾ ਰਹੇ ਹਨ। ਮਿਟਜ਼ੀ ਹੰਟਰ 2013 ਤੋਂ ਸਕਾਰਬ੍ਰੋ-ਗਿਲਡਵੁੱਡ ਰਾਈਡਿੰਗ ਦੀ ਨੁਮਾਇੰਦਗੀ ਕਰ ਰਹੇ ਹਨ। ਉਹ ਓਨਟਾਰੀਓ ਦੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਹੰਟਰ ਨੇ ਕਿਹਾ ਕਿ ਉਹ ਇਸ ਹਫ਼ਤੇ ਟੋਰਾਂਟੋ ਮੇਅਰ ਦੀ ਚੋਣ ਲੜਨ ਦਾ ਰਸਮੀ ਐਲਾਨ ਕਰਨਗੇ। ਹੰਟਰ ਤੋਂ ਬਾਅਦ ਬਗ਼ੈਰ ਲੀਡਰ ਦੇ ਸਹਾਰੇ ਚਲ ਰਹੇ ਲਿਬਰਲ ਕੌਕਸ ਦੀ ਗਿਣਤੀ ਅੱਠ ਤੋਂ ਸੱਤ ਹੋ ਜਾਵੇਗੀ।
ਹੰਟਰ, ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਵਿਚ ਦੂਜੀ ਵਾਰੀ ਸ਼ਾਮਲ ਹੋਣ ‘ਤੇ ਵਿਚਾਰ ਕਰ ਰਹੀ ਸੀ, ਪਰ ਅਖ਼ੀਰ ਉਨ੍ਹਾਂ ਨੇ ਮਿਉਂਸਿਪਲ ਰਾਜਨੀਤੀ ਵਿਚ ਜਾਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਟੋਰਾਂਟੋ ਨਾਜ਼ੁਕ ਸਥਿਤੀ ਵਿਚ ਹੈ ਅਤੇ ਸ਼ਹਿਰ ਨੂੰ ਇੱਕ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ। ਮੇਅਰ ਅਹੁਦੇ ਦੀ ਉਮੀਦਵਾਰੀ ਲਈ ਨੌਮੀਨੇਸ਼ਨ ਪੀਰੀਅਡ 3 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਟੋਰਾਂਟੋ ਦੇ ਨਵੇਂ ਮੇਅਰ ਦੀ ਜ਼ਿਮਨੀ ਚੋਣ ਲਈ 26 ਜੂਨ ਦੀ ਤਾਰੀਖ਼ ਤੈਅ ਕੀਤੀ ਗਈ ਹੈ।