ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਗੂਈ ਵਾਲੀ ਸਰਕਾਰ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅਚਾਨਕ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਫ੍ਰੀਲੈਂਡ ਨੂੰ ਜਸਟਿਨ ਟਰੂਡੋ ਦੇ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਟਰੂਡੋ ਦੀ ਆਗੂਈ ਅਤੇ ਸਰਕਾਰ ਦੀ ਮਜਬੂਤੀ ਨੂੰ ਲੈ ਕੇ ਨਵੇਂ ਸਵਾਲ ਉੱਠ ਰਹੇ ਹਨ।
ਫ੍ਰੀਲੈਂਡ ਨੇ ਆਪਣੀ ਰਵਾਇਤੀ ਸਖ਼ਤ ਬੋਲਣ ਵਾਲੀ ਸ਼ੈਲੀ ਵਿੱਚ ਟਰੂਡੋ ਦੀ ਲੀਡਰਸ਼ਿਪ ‘ਤੇ ਪ੍ਰਸ਼ਨ ਚੁੱਕਦੇ ਹੋਏ ਕਿਹਾ ਕਿ ਸਰਕਾਰ ਦੀ ਕਮਜ਼ੋਰ ਨੀਤੀਆਂ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਇਸ ਘਟਨਾ ਨਾਲ ਲਿਬਰਲ ਪਾਰਟੀ ਦੇ ਅੰਦਰਲੀ ਤਕਰਾਰ ਵੀ ਸਾਮ੍ਹਣੇ ਆਈ ਹੈ। ਜਸਟਿਨ ਟਰੂਡੋ ਜੋ ਅਗਲੀ ਚੋਣਾਂ ਵਿੱਚ ਵੀ ਪਾਰਟੀ ਦੀ ਅਗਵਾਈ ਕਰਨ ਦਾ ਦਾਅਵਾ ਕਰ ਰਹੇ ਹਨ, ਉਨ੍ਹਾਂ ਨੂੰ ਹੁਣ ਆਪਣੀ ਪਾਰਟੀ ਦੇ ਆਗੂਆਂ ਅਤੇ ਵਿਰੋਧੀ ਧਿਰ ਦੀਆਂ ਸਖ਼ਤ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਵੀ ਜਸਟਿਨ ਟਰੂਡੋ ਨੂੰ ਅਹੁਦਾ ਛੱਡਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ “ਕੈਨੇਡਾ ਦੀ ਜਨਤਾ ਨੂੰ ਇਸ ਸਮੇਂ ਇੱਕ ਮਜਬੂਤ ਨੇਤ੍ਰਤਵ ਦੀ ਲੋੜ ਹੈ।” ਵਿਰੋਧੀ ਧਿਰ ਦੇ ਨੇਤਾ ਪਿਅਰੇ ਪੋਇਲੀਵਰ ਨੇ ਇਸ ਮੌਕੇ ‘ਤੇ ਸਰਕਾਰ ਨੂੰ ਬੇਸਮਭਾਲ ਦੱਸਦਿਆਂ ਕਿਹਾ ਕਿ “ਜਸਟਿਨ ਟਰੂਡੋ ਦੀ ਲੀਡਰਸ਼ਿਪ ਹਿੰਮਤ ਤੋਂ ਪਰੇ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਕੰਟਰੋਲ ਤੋਂ ਬਾਹਰ ਹੋ ਗਈ ਹੈ।”
ਇਸ ਸਾਰੇ ਘਟਨਾ ਚੱਕਰ ਦੇ ਦਰਮਿਆਨ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਵੀ ਆਪਣੇ ਹੇਰਾਨੀ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ‘ਤੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਮੇਂ ਦੀ ਲੋੜ ਹੈ। ਇਹਨਾਂ ਬਿਆਨਾਂ ਨੇ ਸਿਆਸੀ ਹਲਕਿਆਂ ਵਿੱਚ ਹੋਰ ਭਰਮ ਪੈਦਾ ਕਰ ਦਿੱਤਾ ਹੈ ਕਿ ਕੀ ਟਰੂਡੋ ਹਾਲਾਤਾਂ ਨੂੰ ਕਾਬੂ ‘ਚ ਰੱਖਣ ਲਈ ਤਿਆਰ ਹਨ ਜਾਂ ਨਹੀਂ।
ਇਸ ਦੇ ਨਾਲ ਕੈਨੇਡੀਅਨ ਲੋਕਾਂ ਵਿੱਚ ਵੀ ਟਰੂਡੋ ਦੀ ਸਰਕਾਰ ‘ਤੇ ਭਰੋਸਾ ਘਟਦਾ ਜਾ ਰਿਹਾ ਹੈ। ਵਧਦੀਆਂ ਮਹਿੰਗਾਈ, ਘਰਾਂ ਦੀਆਂ ਕੀਮਤਾਂ ਅਤੇ ਨਵੇਂ ਪ੍ਰਵਾਸੀਆਂ ਦੇ ਵੱਡੇ ਅੰਕ ਨੇ ਲੋਕਾਂ ਵਿੱਚ ਨਿਰਾਸ਼ਾ ਪੈਦਾ ਕਰ ਦਿੱਤੀ ਹੈ। ਲੋਕਾਂ ਦੀ ਉਮੀਦ ਹੈ ਕਿ ਆਗਾਮੀ ਚੋਣਾਂ ਵਿੱਚ ਇਸ ਸਥਿਤੀ ਵਿੱਚ ਬਦਲਾਅ ਆ ਸਕਦਾ ਹੈ।
ਕੈਨੇਡਾ ਵਿੱਚ ਅਗਲੇ ਸਾਲ ਅਕਤੂਬਰ ਤੱਕ ਆਮ ਚੋਣਾਂ ਹੋਣਗੀਆਂ, ਪਰ ਜੇਕਰ ਨਿਊ ਡੈਮੋਕ੍ਰੇਟਿਕ ਪਾਰਟੀ ਸਮਰਥਨ ਵਾਪਸ ਲੈ ਲੈਂਦੀ ਹੈ ਤਾਂ ਸਥਿਤੀ ਕਿਸੇ ਵੀ ਸਮੇਂ ਚੋਣਾਂ ਦੀ ਔਖੀ ਘੋਸ਼ਣਾ ਵੱਲ ਮੋੜ ਸਕਦੀ ਹੈ। ਇਸ ਸਾਰੇ ਸਿਆਸੀ ਦਬਾਅ ਵਿਚਕਾਰ, ਟਰੂਡੋ ਦੀ ਚੌਥੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਹੁਣ ਵੱਡੇ ਪ੍ਰਸ਼ਨਾਂ ਹੇਠ ਆ ਗਈ ਹੈ।