ਅਜੈ ਬੰਗਾ ਦਾ ਵਿਸ਼ਵ ਬੈਂਕ ਪ੍ਰਧਾਨ ਬਣਨਾ ਤੈਅ
ਭਾਰਤੀ ਮੂਲ ਦੇ ਅਜੈ ਬੰਗਾ ਦਾ ਵਿਸ਼ਵ ਬੈਂਕ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੋ ਗਿਆ ਹੈ ਕਿਉਂਕਿ ਕਿਸੇ ਹੋਰ ਦੇਸ਼ ਵਲੋਂ ਜਨਤਕ ਤੌਰ ‘ਤੇ ਉਮੀਦਵਾਰੀ ਪੇਸ਼ ਨਹੀਂ ਕੀਤੀ ਗਈ ਹੈ। ਜਿਸ ਦਾ ਮਤਲਬ ਇਹ ਹੈ ਕਿ ਅਜੈ ਬੰਗਾ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਨਹੀਂ ਹੈ। ਮਾਸਟਰਕਾਰਡ ਦੇ ਸਾਬਕਾ ਸੀਈਓ ਨੂੰ ਪਿਛਲੇ ਮਹੀਨੇ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਸਮਰਥਨ ਪ੍ਰਾਪਤ ਹੋਇਆ ਸੀ ਜਦੋਂ ਮੌਜੂਦਾ ਚੇਅਰਮੈਨ ਡੇਵਿਡ ਮਾਲਪਾਸ ਨੇ ਲਗਭਗ ਇੱਕ ਸਾਲ ਪਹਿਲਾਂ ਅਹੁਦਾ ਛੱਡਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਰਿਪੋਰਟਾਂ ਅਨੁਸਾਰ 2019 ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਾਲਪਾਸ ਨੂੰ ਨਾਮਜ਼ਦ ਕੀਤਾ ਸੀ ਤੇ ਉਸ ਦੀ ਚੋਣ ਵੀ ਬਗੈਰ ਮੁਕਾਬਲੇ ਦੇ ਹੋਈ ਸੀ। ਦੱਸਣਯੋਗ ਹੈ ਕਿ ਇਸ ਅਹੁਦੇ ਲਈ ਹਮੇਸ਼ਾ ਅਮਰੀਕੀ ਉਮੀਦਵਾਰ ਨੂੰ ਹੀ ਚੁਣਿਆ ਗਿਆ ਹੈ। ਅਮਰੀਕਾ ਨੂੰ ਛੱਡ ਕੇ ਕਿਸੇ ਵੀ ਦੇਸ਼ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਵਿਸ਼ਵ ਬੈਂਕ ਦੇ ਨਿਯਮ ਮੈਂਬਰ ਦੇਸ਼ਾਂ ਨੂੰ ਇੱਕ ਸਮੇਂ ਦੀ ਮਿਆਦ ਦੌਰਾਨ ਨਾਮ ਦਰਜ ਕਰਵਾਉਣ ਦੀ ਇਜਾਜ਼ਤ ਦਿੰਦੇ ਹਨ, ਜਿਸਦੀ ਮਿਆਦ ਬੁੱਧਵਾਰ ਦੁਪਹਿਰ ਨੂੰ ਖ਼ਤਮ ਹੋ ਗਈ ਸੀ। ਅਜਿਹੇ ‘ਚ ਅਜੈ ਬੰਗਾ ਦੇ ਸਾਹਮਣੇ ਕੋਈ ਖੜ੍ਹਾ ਨਜ਼ਰ ਨਹੀਂ ਆ ਰਿਹਾ। ਨਾਮਜ਼ਦਗੀ ਫਰਵਰੀ ਦੇ ਅਖੀਰ ਵਿੱਚ ਸ਼ੁਰੂ ਹੋਈ ਸੀ।