ਅਮਰੀਕਾ ‘ਚ ਫਿਰ ਹੋਈ ਗੋਲੀਬਾਰੀ, ਘੱਟੋ-ਘੱਟ 11 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੱਜ ਗੋਲੀਬਾਰੀ ਦੀਆਂ ਤਿੰਨ ਵੱਖ ਵੱਖ ਘਟਨਾਵਾਂ ‘ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਉੱਤਰੀ ਕੈਲੀਫੋਰਨੀਆ ਵਿੱਚ ਦੋ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੂਜੀ ਘਟਨਾ ਅਮਰੀਕੀ ਦੇ ਆਇਓਵਾ ਵਿੱਚ ਇੱਕ ਯੂਥ ਆਊਟਰੀਚ ਸੈਂਟਰ ਵਿੱਚ ਹੋਈ ਗੋਲੀਬਾਰੀ ਵਿੱਚ 2 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇੱਕ ਅਧਿਆਪਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਘਟਨਾ ਸਟਾਰਟ ਰਾਈਟ ਹੇਅਰ ਸਕੂਲ ਵਿੱਚ ਵਾਪਰੀ ।
ਇਸ ਤੋਂ ਇਲਾਵਾ ਗੋਲੀਬਾਰੀ ਦੀ ਤੀਜੀ ਘਟਨਾ ਰਾਤ ਸ਼ਿਕਾਗੋ ਦੇ ਇੱਕ ਅਪਾਰਟਮੈਂਟ ਵਿੱਚ ਵਾਪਰੀ। ਇਸ ‘ਚ 2 ਲੋਕਾਂ ਦੀ ਜਾਨ ਚਲੀ ਗਈ, ਜਦਕਿ 3 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਕਈ ਲੋਕ ਸ਼ਾਮਲ ਸਨ। 2 ਦਿਨ ਪਹਿਲਾਂ ਲਾਸ ਏਂਜਲਸ ਦੇ ਨੇੜੇ ਇੱਕ ਡਾਂਸ ਸਟੂਡੀਓ ਵਿੱਚ ਇੱਕ ਬੰਦੂਕਧਾਰੀ ਨੇ ਭੀੜ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਘਟਨਾਵਾਂ ਸਾਹਮਣੇ ਆਈਆਂ ਹਨ।