GTA News Media

Top Info Bar
22.1°C Toronto Loading date...
World

ਅਮਰੀਕਾ: ਪੰਜਾਬੀ ਟਰੱਕ ਡਰਾਇਵਰ ਨੇ ਖੜ੍ਹੀਆਂ ਗੱਡੀਆਂ ਨੂੰ ਮਾਰੀ ਟੱਕਰ, ਇੱਕ ਦੀ ਮੌਤ ਕਈ ਜ਼ਖਮੀ

ਅਮਰੀਕਾ: ਪੰਜਾਬੀ ਟਰੱਕ ਡਰਾਇਵਰ ਨੇ ਖੜ੍ਹੀਆਂ ਗੱਡੀਆਂ ਨੂੰ ਮਾਰੀ ਟੱਕਰ, ਇੱਕ ਦੀ ਮੌਤ ਕਈ ਜ਼ਖਮੀ
Share this post via:

ਅਮਰੀਕਾ ਦੀ ਐਰੀਜ਼ੋਨਾ ਸਟੇਟ ਦੇ ਪਾਰਕਰ ਸ਼ਹਿਰ ਵਿੱਚ ਭਿਆਨਕ ਹਾਦਸਾ ਕਰਨ ਕਰਕੇ ਪੰਜਾਬੀ ਟਰੱਕ ਡਰਾਈਵਰ ਨੂੰ ਸੈਕਿੰਡ ਡਿਗਰੀ ਮਰਡਰ ਚਾਰਜ ਲਗਾ ਕੇ ਜੇਲ੍ਹ ਭੇਜ ਦਿੱਤਾ ਗਿਆ।ਪੰਜਾਬੀ ਟਰੱਕ ਡਰਾਈਵਰ ਜਸਕਰਨ ਸਿੰਘ ਪਾਰਕਰ ਸ਼ਹਿਰ ਵਿੱਚ ਬੜੀ ਤੇਜ਼ ਰਫ਼ਤਾਰ ਨਾਲ ਟਰੱਕ ਚਲਾ ਰਿਹਾ ਸੀ, ਜਸਕਰਨ ਨੇ ਲਾਲ ਬੱਤੀ ਤੇ ਖੜੀਆਂ ਗੱਡੀਆਂ ਵਿੱਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਹਵਾ ਵਿੱਚ ਉੱਛਲ ਕੇ ਕੌਰਨਰ ਵਿੱਚ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਜਾ ਪਲਟੀਆਂ।

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਦੁਰਘਟਨਾ ਐਤਵਾਰ ਦੁਪਹਿਰ ਕਰੀਬ 3:30 ਵਜੇ ਦੇ ਕਰੀਬ ਵਾਪਰੀ। ਦੇਖਣ ਵਾਲੀ ਗੱਲ ਇਹ ਹੈ ਕਿ ਲਾਲ ਬੱਤੀ ਹੋਣ ਦੇ ਬਾਵਜੂਦ ਜਸਕਰਨ ਓਵਰ ਸਪੀਡ ਕਿਉਂ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ੋਨ ਆਇਆ ਕਿ ਕੈਲੀਫੋਰਨੀਆ ਐਵੇਨਿਊ ਉੱਤੇ ਚਾਰ ਕਾਰਾਂ ਅਤੇ ਇਸ ਸੈਮੀ ਟਰੱਕ ਦੀ ਭਿਆਨਕ ਟੱਕਰ ਹੋ ਗਈ ਹੈ। ਉਨ੍ਹਾਂ ਦੀ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਕਿ ਸੈਮੀ ਟਰੱਕ ਦਾ ਡਰਾਈਵਰ ਉੱਤਰ ਵੱਲ ਜਾ ਰਿਹਾ ਸੀ, ਜਿੱਥੇ ਉਹ ਲਾਲ ਬੱਤੀ ਤੇ ਰੁਕੇ ਤਿੰਨ ਵਾਹਨਾਂ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਸਾਰੇ ਵਾਹਨ ਚੌਰਾਹੇ ਤੋਂ ਹੋ ਕੇ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਚਲੇ ਗਏ। ਟਰੱਕ ਅਤੇ ਇੱਕ ਹੋਰ ਕਾਰ ਇਮਾਰਤ ਨਾਲ ਟਕਰਾ ਗਈ ਅਤੇ ਇਸ ਵਿੱਚ ਅੱਗ ਲੱਗ ਗਈ ਜਦੋਂ ਕਿ ਤੀਜਾ ਵਾਹਨ ਇੱਕ ਪੱਥਰ ਨਾਲ ਟਕਰਾ ਕੇ ਪਲਟ ਗਿਆ ਅਤੇ ਚੌਥਾ ਵਾਹਨ ਇੱਕ ਹੋਰ ਵਾਹਨ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਪੁਲਿਸ ਦਾ ਕਹਿਣਾ ਹੈ ਕਿ ਕਮਰਸ਼ੀਅਲ ਵਾਹਨ ਦਾ ਡਰਾਈਵਰ ਜਸਕਰਨ ਸਿੰਘ ਦੀ ਉਮਰ 28 ਸਾਲ ਦੀ ਹੈ। ਜਸਕਰਨ ਸਿੰਘ ਨੇ ਹਾਦਸਾ ਵਾਪਰਨ ਤੋਂ ਬਾਅਦ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਉਸ ਨੂੰ ਹਾਦਸੇ ਵਾਲੀ ਥਾਂ ਦੇ ਨੇੜਿਓ ਹਿਰਾਸਤ ਕਰ ਲਿਆ ਗਿਆ। ਪੁਲਿਸ ਵੱਲੋਂ ਪਹਿਲਾਂ ਜਸਕਰਨ ਦਾ ਹਸਪਤਾਲ ਵਿੱਚ ਲਿਜਾ ਕੇ ਮੈਡੀਕਲ ਕਰਵਾਇਆ ਗਿਆ, ਬਾਅਦ ਵਿੱਚ ਉਸ ਤੇ ਇਰਾਦਾ ਕਤਲ ਦਾ ਮੁਕੱਦਮਾ ਅਤੇ ਅੱਠ ਹੋਰ ਕੇਸ ਪਾ ਕੇ ਲਾਅ ਪਾਜ਼ ਕਾਉਂਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਹਾਦਸੇ ਸਮੇਂ ਜਸਕਰਨ ਕਿਸੇ ਨਸ਼ੇ ਕਾਰਨ ਜਾਂ ਕਿਸੇ ਹੋਰ ਕਾਰਨ ਨੀਂਦ ਦੀ ਹਾਲਤ ਵਿੱਚ ਟਰੱਕ ਚਲਾ ਰਿਹਾ ਸੀ। ਜਸਕਰਨ ਇੱਕ ਮਿਲੀਅਨ ਡਾਲਰ ਦੀ ਬੇਲ ਤੇ ਅੰਦਰ ਹੈ।