GTA News Media

Top Info Bar
22.1°C Toronto Loading date...
Punjab World

ਕਜ਼ਾਕਿਸਤਾਨ ‘ਚ ਪ੍ਰਦਰਸ਼ਨ: ਦਰਜਨਾਂ ਪ੍ਰਦਰਸ਼ਨਕਾਰੀ ਅਤੇ ਪੁਲਸ ਕਰਮੀਆਂ ਦੀ ਹੋਈ ਮੌਤ ,ਦੇਸ਼ ‘ਚ ਫੈਲੀ ਅਸ਼ਾਤੀ

ਕਜ਼ਾਕਿਸਤਾਨ ‘ਚ ਪ੍ਰਦਰਸ਼ਨ: ਦਰਜਨਾਂ ਪ੍ਰਦਰਸ਼ਨਕਾਰੀ ਅਤੇ ਪੁਲਸ ਕਰਮੀਆਂ ਦੀ ਹੋਈ ਮੌਤ ,ਦੇਸ਼ ‘ਚ ਫੈਲੀ ਅਸ਼ਾਤੀ
Share this post via:

ਕਜ਼ਾਕਿਸਤਾਨ ‘ਚ ਬਾਲਣ ਦੀਆਂ ਕੀਮਤਾਂ ਵਿਚ ਵਾਧੇ ਤੋਂ ਭੜਕੇ ਪ੍ਰਦਰਸ਼ਨ ਦੌਰਾਨ ਸਰਕਾਰੀ ਇਮਾਰਤਾਂ ਉੱਤੇ ਹੋਏ ਹਮਲਿਆਂ ‘ਚ ਦਰਜਨਾਂ ਪ੍ਰਦਰਸ਼ਨਕਾਰੀ ਮਾਰੇ ਗਏ ਹਨ ਤੇ ਘੱਟੋ-ਘੱਟ 12 ਪੁਲਸ ਅਧਿਕਾਰੀਆਂ ਦੀ ਵੀ ਮੌਤ ਹੋਈ ਹੈ।ਇਨ੍ਹਾਂ ‘ਚੋਂ ਇੱਕ ਅਧਿਕਾਰੀ ਦਾ ਤਾ ਸਿਰ ਕਲਮ ਕਰ ਦਿੱਤਾ ਗਿਆ। ਪੁਲਸ ਅਧਿਕਾਰੀ ਸੁਲਤਾਨਤ ਅਜ਼ੀਰਬੇਕ ਨੇ ਸਰਕਾਰੀ ਨਿਊਜ਼ ਚੈਨਲ ‘ਖੈਬਰ-24’ ਨੂੰ ਦੱਸਿਆ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਵਿੱਚ ਰਾਤ ਸਮੇਂ ਇਮਾਰਤਾਂ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਦੌਰਾਨ ਕਈ ਹਮਲਾਵਰ ਮਾਰੇ ਗਏ।

ਉਹਨਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਸ਼ਹਿਰ ‘ਚ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਮਾਰਤਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਜਿਸ ‘ਚ ਮੇਅਰ ਦੀ ਇਮਾਰਤ ਤੇ ਕਬਜ਼ਾ ਕਰਨਾ ਵੀ ਸ਼ਾਮਲ ਸੀ। ਮੇਅਰ ਦੀ ਇਮਾਰਤ ਨੂੰ ਅੱਗ ਲਗਾ ਦਿੱਤੀ ਗਈ। ਦੱਸਜ਼ਯੋਗ ਹੈ ਕਿ ਕਜ਼ਾਕਿਸਤਾਨ ਨੂੰ ਤਿੰਨ ਦਹਾਕੇ ਪਹਿਲਾਂ ਆਜ਼ਾਦੀ ਮਿਲਣ ਤੋਂ ਬਾਅਦ ਸਭ ਤੋਂ ਭਿਆਨਕ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ ਦੀ ਅਗਵਾਈ ਵਾਲੀ ਗੱਠਜੋੜ ਸਮੂਹਿਕ ਸੁਰੱਖਿਆ ਸੰਧੀ ਸੰਗਠਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਕਾਸਿਮ-ਜੋਮਾਰਟ ਤੋਕਾਏਵ ਦੀ ਬੇਨਤੀ ਤੇ ਕਜ਼ਾਕਿਸਤਾਨ ‘ਚ ਸ਼ਾਂਤੀ ਰੱਖਿਅਕ ਭੇਜੇਗਾ।

ਤਰਲ ਪੈਟਰੋਲੀਅਮ ਗੈਸ ਈਂਧਨ ਦੀਆਂ ਕੀਮਤਾਂ ‘ਚ ਹੋਏ ਭਾਰੀ ਵਾਧੇ ਨੂੰ ਲੈ ਕੇ ਐਤਵਾਰ ਨੂੰ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਕਜ਼ਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਸ਼ ਦੇ ਪੱਛਮ ‘ਚ ਸ਼ੁਰੂ ਹੋਏ ਪ੍ਰਦਰਸ਼ਨ ਅਲਮਾਟੀ ਤੇ ਰਾਜਧਾਨੀ ਨੂਰ-ਸੁਲਤਾਨ ਤੱਕ ਫੈਲ ਗਏ। ਬੁੱਧਵਾਰ ਨੂੰ ਤੋਕਾਯੇਵ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸਖ਼ਤ ਕਦਮ ਚੁੱਕਣ ਦੀ ਵੀ ਸਹੁੰ ਖਾਧੀ ਗਈ ਤੇ ਪੂਰੇ ਦੇਸ਼ ‘ਚ ਦੋ ਹਫ਼ਤਿਆਂ ਦੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ। ਪਹਿਲਾਂ ਇਹ ਘੋਸ਼ਣਾ ਰਾਜਧਾਨੀ ਨੂਰ ਸੁਲਤਾਨ ਤੇ ਅਲਮਾਟੀ ‘ਚ ਲਾਗੂ ਸੀ, ਜਿਸ ਦੇ ਤਹਿਤ ਰਾਤ ਦਾ ਕਰਫਿਊ ਸੀ ਤੇ ਸ਼ਹਿਰੀ ਖੇਤਰਾਂ ‘ਚ ਲੋਕਾਂ ਦੀ ਆਵਾਜਾਈ ਨੂੰ ਵੀ ਸੀਮਤ ਕੀਤਾ ਗਿਆ ਸੀ। ਤਰਲ ਪੈਟਰੋਲੀਅਮ ਗੈਸ ਦੀ ਵਰਤੋਂ ਵਾਹਨ ਦੇ ਬਾਲਣ ਵਜੋਂ ਕੀਤੀ ਜਾਂਦੀ ਹੈ। ਵਿਰੋਧ ਪ੍ਰਦਰਸ਼ਨਾਂ ਦੀ ਤੀਬਰਤਾ ਦੇਸ਼ ‘ਚ ਵਿਆਪਕ ਅਸੰਤੋਸ਼ ਦਾ ਸੰਕੇਤ ਹੈ। 1991 ‘ਚ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਤੋਂ ਬਾਅਦ ਦੇਸ਼ ‘ਚ ਇੱਕ ਪਾਰਟੀ ਦਾ ਸ਼ਾਸਨ ਹੈ।

ਤੋਕਾਯੇਵ ਨੇ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਅੱਤਵਾਦੀ ਕਰ ਰਹੇ ਹਨ, ਜਿਨ੍ਹਾਂ ਨੂੰ ਹੋਰ ਦੇਸ਼ਾਂ ਤੋਂ ਮਦਦ ਮਿਲ ਰਹੀ ਹੈ। ਦੱਸ ਦਈਏ ਕਿ ਕਜ਼ਾਕਿਸਤਾਨ ਦੁਨੀਆ ਦਾ 9 ਸਭ ਤੋਂ ਵੱਡਾ ਦੇਸ਼ ਹੈ। ਜਿਸ ਦੀ ਉੱਤਰੀ ਸਰਹੱਦ ਰੂਸ ਨਾਲ ਤੇ ਪੂਰਬੀ ਸਰਹੱਦ ਚੀਨ ਨਾਲ ਲੱਗਦੀ ਹੈ। ਕਜਾਕਿਸਤਾਨ ਕੋਲ ਤੇਲ ਦੇ ਵੱਡੇ ਭੰਡਾਰ ਹਨ ਜੋ ਕਿ ਇਸ ਦੇਸ਼ ਨੂੰ ਰਣਨੀਤਕ ਤੇ ਆਰਥਿਕ ਤੌਰ ਤੇ ਮਹੱਤਵਪੂਰਨ ਬਣਾਉਂਦੇ ਹਨ। ਇਨ੍ਹਾਂ ਭੰਡਾਰਾਂ ਤੇ ਖਣਿਜਾਂ ਦੀ ਅਮੀਰੀ ਹੋਣ ਦੇ ਬਾਵਜੂਦ ਵੀ ਦੇਸ਼ ਦੇ ਕੁਝ ਹਿੱਸਿਆਂ ‘ਚ ਗਰੀਬਾਂ ਦੀ ਮਾੜੀ ਹਾਲਤ ਨੂੰ ਲੈ ਕੇ ਅਸੰਤੁਸ਼ਟੀ ਹੈ। ਪ੍ਰਦਰਸ਼ਨਕਾਰੀਆਂ ਦੇ ਕੋਲ ਕੋਈ ਆਗੂ ਜਾਂ ਮੰਗ ਵੀ ਨਹੀਂ ਜਾਪਦੀ ਹੈ। ਬਹੁਤੇ ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਨੂਰ ਸੁਲਤਾਨ ਨਜ਼ਰਬਾਯੇਵ ਦਾ ਹਵਾਲਾ ਦਿੰਦੇ ਹੋਏ ‘ਪੁਰਾਣੇ ਲੋਕ ਜਾਓ’ ਦੇ ਨਾਅਰੇ ਲਗਾਏ। ਉਨ੍ਹਾਂ ਨੇ 2019 ‘ਚ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਉਨ੍ਹਾਂ ਦਾ ਪ੍ਰਭਾਵ ਹੁਣ ਵੀ ਕਾਇਮ ਹੈ।