ਕੰਪਿਊਟਰ ਵਾਇਰਸ ਘੁਟਾਲਾ: ਅਮਰੀਕਾ ਚ ਭਾਰਤੀ ਮੂਲ ਦੇ ਦੋ ਵਿਅਕਤੀ ਗ੍ਰਿਫਤਾਰ
ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਿਕ ਅਮਰੀਕਾ ਦੇ ਮੈਸੇਚਿਉਸੇਟਸ ਵਿੱਚ ਇੱਕ 78 ਸਾਲਾ ਔਰਤ ਤੋਂ ਕੰਪਿਊਟਰ ਵਾਇਰਸ ਘੁਟਾਲੇ ਰਾਹੀਂ 100,000 ਡਾਲਰ ਤੋਂ ਵੱਧ ਦੀ ਚੋਰੀ ਕਰਨ ਦੇ ਦੋਸ਼ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊ ਜਰਸੀ ਦੇ ਪਾਰਸੀਪਨੀ ਦੇ ਰਹਿਣ ਵਾਲੇ ਨਿਕਿਤ ਐਸ ਯਾਦਵ (22) ਅਤੇ ਰਾਜ ਵਿਪੁਲ ਪਟੇਲ (21) ਕੰਪਿਊਟਰ ਵਾਇਰਸ ਸਕੀਮ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਪੀੜਿਤਾ ਤੋਂ ਉਸਦੇ ਕੰਪਿਊਟਰ ਤੋਂ ਅਣਚਾਹੇ ਚੀਜ਼ਾਂ ਨੂੰ ਹਟਾਉਣ ਲਈ ਪੈਸਿਆਂ ਦੀ ਮੰਗ ਕੀਤੀ। ਦਸ ਦਈਏ ਕਿ ਪੀੜਿਤਾ ਨੇ ਆਪਣੇ ਕੰਪਿਊਟਰ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਿਛਲੇ ਹਫ਼ਤੇ ਤਕਨੀਕੀ ਸਹਾਇਤਾ ਨੰਬਰ ‘ਤੇ ਕਾਲ ਕੀਤੀ।
ਯਾਰਮਾਊਥ ਪੁਲਿਸ ਨੇ ਕਿਹਾ ਕਿ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵਾਂ ‘ਤੇ ਸਾਜ਼ਿਸ਼ ਅਤੇ $1,200 ਤੋਂ ਵੱਧ ਦਾ ਝੂਠਾ ਬਹਾਨਾ ਬਣਾ ਕੇ ਚੋਰੀ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਨੂੰ ਰਾਤ ਭਰ ਯਾਰਮਾਊਥ ਪੁਲਿਸ ਵਿਭਾਗ ਵਿਚ ਰੱਖਿਆ ਗਿਆ ਅਤੇ ਅਦਾਲਤ ਵਿਚ ਪੇਸ਼ ਹੋਣ ਲਈ ਸ਼ਿਫਟ ਕੀਤਾ ਗਿਆ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੇ ਅਨੁਸਾਰ, 2021 ਵਿੱਚ ਧੋਖਾਧੜੀ ਦੇ 92,371 ਸੀਨੀਅਰ ਪੀੜਿਤ ਸਨ, ਨਤੀਜੇ ਵਜੋਂ $1.7 ਬਿਲੀਅਨ ਦਾ ਨੁਕਸਾਨ ਹੋਇਆ।