ਭਾਰਤੀ ਮੂਲ ਦੀ ਨਿੱਕੀ ਹੈਲੀ ਸਾਲ 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਹੈ। ਨਿੱਕੀ ਨੇ ਵੀ 15 ਫਰਵਰੀ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਉਸ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਚੀਨ, ਪਾਕਿਸਤਾਨ ਵਰਗੇ ਅਮਰੀਕਾ ਦੇ ਦੁਸ਼ਮਣਾਂ ਪ੍ਰਤੀ ਕੋਈ ਨਰਮੀ ਨਹੀਂ ਦਿਖਾਏਗੀ। ਨਿੱਕੀ ਨੇ ਕਿਹਾ ਹੈ ਕਿ ਅਮਰੀਕਾ ਦੇ ਦੁਸ਼ਮਣਾਂ ਨੂੰ ਵਿਦੇਸ਼ੀ ਸਹਾਇਤਾ ਰੋਕ ਦਿੱਤੀ ਜਾਵੇਗੀ। ਉਨ੍ਹਾਂ ਮੁਤਾਬਕ ਅਮਰੀਕਾ ਨੂੰ ਨਫਰਤ ਕਰਨ ਵਾਲੇ ਦੇਸ਼ਾਂ ਨੂੰ ਰਾਹਤ ਨਹੀਂ ਮਿਲੇਗੀ।ਨਿੱਕੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸਾਊਥ ਕੈਰੋਲੀਨਾ ਦੇ ਗਵਰਨਰ ਅਹੁਦੇ ‘ਤੇ ਰਹਿ ਚੁੱਕੀ ਹੈ।
ਨਿੱਕੀ ਨੇ ਨਿਊਯਾਰਕ ਪੋਸਟ ਵਿੱਚ ਲਿਖਿਆ,”ਮੈਂ ਹਰ ਉਸ ਦੇਸ਼ ਨੂੰ ਵਿਦੇਸ਼ੀ ਸਹਾਇਤਾ ਬੰਦ ਕਰ ਦਿਆਂਗੀ, ਜੋ ਸਾਡੇ ਨਾਲ ਨਫ਼ਰਤ ਕਰਦਾ ਹੈ। ਇੱਕ ਮਜ਼ਬੂਤ ਅਮਰੀਕਾ ਨੂੰ ਮਾੜੇ ਲੋਕਾਂ ਲਈ ਕੁਝ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇੱਕ ਮਾਣਮੱਤਾ ਅਮਰੀਕਾ ਸਾਡੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਰਬਾਦ ਨਹੀਂ ਹੋਣ ਦੇਵੇਗਾ ਅਤੇ ਸਿਰਫ ਅਜਿਹੇ ਨੇਤਾ ਹੀ ਸਾਡੇ ਭਰੋਸੇ ਦੇ ਹੱਕਦਾਰ ਹਨ ਜੋ ਦੇਸ਼ ਦੇ ਦੁਸ਼ਮਣਾਂ ਦੇ ਖਿਲਾਫ ਅਤੇ ਸਾਡੇ ਦੋਸਤਾਂ ਨਾਲ ਖੜੇ ਹੋ ਸਕਦੇ ਹਨ।” ਨਿੱਕੀ ਨੇ ਅੱਗੇ ਲਿਖਿਆ, “ਅਸੀਂ ਪਿਛਲੇ ਕੁਝ ਸਾਲਾਂ ਵਿੱਚ ਇਰਾਕ ਨੂੰ ਇੱਕ ਅਰਬ ਡਾਲਰ ਤੋਂ ਵੱਧ ਦੀ ਸਹਾਇਤਾ ਦਿੱਤੀ ਹੈ ਅਤੇ ਇਸ ਤੋਂ ਬਾਅਦ ਵੀ ਸਰਕਾਰ ਈਰਾਨ ਵਿੱਚ ਬੈਠੇ ਕਾਤਲਾਂ ਦੇ ਨੇੜੇ ਆ ਰਹੀ ਹੈ। ਉਹ ਦੇਸ਼ ਜੋ ਸਾਡੇ ਸੈਨਿਕਾਂ ‘ਤੇ ਹਮਲੇ ਕਰਦਾ ਹੈ। ਬਿਡੇਨ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਮਿਲਟਰੀ ਸਹਾਇਤਾ ਵੀ ਬਹਾਲ ਕਰ ਦਿੱਤੀ ਹੈ। ਜਦੋਂ ਕਿ ਇਹ ਦੇਸ਼ ਅੱਤਵਾਦੀ ਸੰਗਠਨਾਂ ਦਾ ਗੜ੍ਹ ਹੈ ਅਤੇ ਇਸਦੀ ਸਰਕਾਰ ਪੂਰੀ ਤਰ੍ਹਾਂ ਚੀਨ ਨੂੰ ਸਮਰਪਿਤ ਹੈ।”