ਪਾਕਿਸਤਾਨ ‘ਚ Love Marriage ਦਾ ਹੋਇਆ ਦਰਦਨਾਕ ਅੰਤ
ਪਾਕਿਸਤਾਨ ਦੇ ਜ਼ਿਲ੍ਹਾ ਬੁੱਟਰਗ੍ਰਾਮ ਅਧੀਨ ਪੈਂਦੇ ਚਾਂਜਲ ਥਾਣੇ ਅਧੀਨ ਪਿੰਡ ਪਿਸ਼ੌਰਾ ‘ਚ ਇਕ ਘਰ ‘ਚੋਂ ਬਦਬੂ ਆਉਣ ‘ਤੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਰ ਵਿੱਚੋਂ ਇੱਕ ਲੜਕੀ ਦੀ ਲਾਸ਼ ਬਰਾਮਦ ਕੀਤੀ ਹੈ। ਜਿਸ ਦੀ ਪਛਾਣ ਹਰਲੀਨ ਬੀਬੀ ਵਾਸੀ ਸ਼ਾਂਗਲਾ ਜ਼ਿਲ੍ਹੇ ਦੇ ਚੱਕੇਸਰ ਵਜੋਂ ਹੋਈ ਹੈ। ਕੁੜੀ ਦਾ ਕਤਲ ਗਲਾ ਵੱਢ ਕੇ ਕੀਤਾ ਗਿਆ ਹੈ। ਉਕਤ ਔਰਤ 7 ਦਿਨ ਪਹਿਲਾਂ ਹੀ ਆਪਣੀ ਭੈਣ ਦੇ ਘਰ ਆਪਣੀ 6 ਮਹੀਨੇ ਦੀ ਕੁੜੀ ਦੇ ਨਾਲ ਆਈ ਸੀ।
ਪੁਲਿਸ ਨੇ ਪਹਿਲਾ ਤਾਂ ਸ਼ੱਕ ਦੇ ਆਧਾਰ ’ਤੇ ਔਰਤ ਦੇ ਜੀਜਾ ਅਤੇ ਉਸ ਦੀ ਭੈਣ ਨੂੰ ਹਿਰਾਸਤ ਵਿਚ ਲਿਆ ਪਰ ਜਾਂਚ ਵਿਚ ਪਾਇਆ ਕਿ ਜਿਸ ਦਿਨ ਉਹ ਆਪਣੀ ਭੈਣ ਦੇ ਘਰ ਆਈ ਸੀ, ਉਸੇ ਦਿਨ ਹੀ ਮ੍ਰਿਤਕਾ ਦੀ ਭਾਬੀ ਉਸ ਨੂੰ ਆਪਣੇ ਨਾਲ ਲੈ ਗਈ ਸੀ। ਜਿਸ ’ਤੇ ਪੁਲਿਸ ਨੇ ਮ੍ਰਿਤਕਾ ਦੀ ਭਾਬੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਮ੍ਰਿਤਕਾ ਹਰਲੀਨ ਬੀਬੀ ਨੇ ਲਗਭਗ ਦੋ ਸਾਲ ਪਹਿਲਾਂ ਆਪਣੀ ਮਰਜ਼ੀ ਦੇ ਮੁੰਡੇ ਨਾਲ ਨਿਕਾਹ ਕੀਤਾ ਸੀ ਅਤੇ ਉਸ ਦੇ ਤਿੰਨੇ ਭਰਾ ਇਸ ਨਿਕਾਹ ਖ਼ਿਲਾਫ਼ ਸਨ।
ਨਿਕਾਹ ਤੋਂ ਬਾਅਦ ਹਰਲੀਨ ਬੀਬੀ ਨਾਲ ਸੰਪਰਕ ਨਹੀਂ ਹੋ ਰਿਹਾ ਸੀ। ਹੁਣ ਜਦ ਉਹ ਆਪਣੀ ਭੈਣ ਨੂੰ ਮਿਲਣ ਲਈ ਆਈ ਤਾਂ ਉਹ ਆਪਣੇ ਪਤੀ ਦੇ ਕਹਿਣ ’ਤੇ ਉਸ ਨੂੰ ਆਪਣੇ ਘਰ ਲੈ ਆਈ ਸੀ। ਤਿੰਨਾਂ ਭਰਾਵਾਂ ਨੇ ਹਰਲੀਨ ਦਾ ਕਤਲ ਕਰਕੇ ਇਕ ਖਾਲੀ ਘਰ ਵਿਚ ਉਸ ਦੀ ਲਾਸ਼ ਨੂੰ ਸੁੱਟ ਦਿੱਤਾ ਸੀ ਜਦਕਿ ਉਸ ਦੀ 6 ਮਹੀਨੇ ਦੀ ਬੱਚੀ ਨੂੰ ਨਹਿਰ ਦੇ ਪਾਣੀ ਵਿਚ ਸੁੱਟ ਦਿੱਤਾ। ਪੁਲਿਸ ਨੇ ਮ੍ਰਿਤਕਾ ਦੇ ਤਿੰਨੋਂ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਹਿਰ ਤੋਂ ਉਸ ਦੀ ਕੁੜੀ ਦੀ ਲਾਸ਼ ਤਾਲਾਸ਼ ਕੀਤੀ ਜਾ ਰਹੀ ਹੈ। ਮ੍ਰਿਤਕਾ ਦਾ ਪਤੀ ਵੀ ਅਜੇ ਡਰ ਦੇ ਮਾਰੇ ਲੁਕ ਗਿਆ ਹੈ, ਕਿਉਂਕਿ ਉਸ ਨੂੰ ਡਰ ਹੈ ਕਿ ਉਸ ਦਾ ਵੀ ਕਤਲ ਕਰ ਦਿੱਤਾ ਜਾਵੇਗਾ।