GTA News Media

Top Info Bar
22.1°C Toronto Loading date...
World

ਫ਼ਲਸਤੀਨੀਆਂ ਨੂੰ ਇਜ਼ਰਾਈਲੀ ਫ਼ੌਜ ਵੱਲੋਂ ਗਾਜ਼ਾ ਸ਼ਹਿਰ ਚੋਂ ਨਿਕਲਣ ਦਾ ਆਦੇਸ਼

ਫ਼ਲਸਤੀਨੀਆਂ ਨੂੰ ਇਜ਼ਰਾਈਲੀ ਫ਼ੌਜ ਵੱਲੋਂ ਗਾਜ਼ਾ ਸ਼ਹਿਰ ਚੋਂ ਨਿਕਲਣ ਦਾ ਆਦੇਸ਼
Share this post via:

ਇਜ਼ਰਾਈਲ ਦੀ ਫ਼ੌਜ ਨੇ ਗਾਜ਼ਾ ਵਿਚ ਰਹਿ ਰਹੇ ਕਰੀਬ 1 ਮਿਲੀਅਨ ਫ਼ਲਸਤੀਨੀਆਂ ਨੂੰ ਸ਼ੁੱਕਰਵਾਰ ਤੱਕ ਉੱਤਰੀ ਇਲਾਕਾ ਖ਼ਾਲੀ ਕਰਨ ਲਈ ਆਖਿਆ ਹੈ। ਫ਼ੌਜ ਵੱਲੋਂ ਹਮਾਸ ਅੱਤਵਾਦੀ ਸਮੂਹ ਖ਼ਿਲਾਫ਼ ਜ਼ਮੀਨੀ ਹਮਲਾ ਕਰਨ ਦੀ ਤਿਆਰੀ ਖਿੱਚ ਲਈ ਗਈ ਹੈ ਅਤੇ ਇਸ ਹਮਲੇ ਤੋਂ ਪਹਿਲਾਂ ਸੀਲ ਕੀਤੇ ਗਾਜ਼ਾ ਦੀ ਕਰੀਬ ਅੱਧੀ ਆਬਾਦੀ ਲਈ ਇਹ ਅਸਧਾਰਨ ਆਦੇਸ਼ ਜਾਰੀ ਹੋਇਆ ਹੈ।ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਦਾ ਹਿਜਰਤ ਕਰਨਾ ਅਤੇ ਭੱਜਣਾ ਵਿਨਾਸ਼ਕਾਰੀ ਹੋ ਸਕਦਾ ਹੈ, ਪਰ ਹਮਾਸ ਨੇ ਉਕਤ ਆਦੇਸ਼ਾਂ ਨੂੰ ਇਜ਼ਰਾਈਲ ਦੀ ਇੱਕ ਚਾਲ ਦੱਸਦਿਆਂ ਖ਼ਾਰਜ ਕਰ ਦਿੱਤਾ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਲਈ ਆਖਿਆ ਹੈ।

ਇਲਾਕਾ ਖ਼ਾਲੀ ਕਰਨ ਦੇ ਆਦੇਸ਼, ਜਿਸ ਵਿੱਚ ਗਾਜ਼ਾ ਸ਼ਹਿਰ ਵੀ ਸ਼ਾਮਲ ਹੈ ਅਤੇ ਜਿੱਥੇ ਲੱਖਾਂ ਫ਼ਲਸਤੀਨੀਆਂ ਦੇ ਘਰ ਹਨ, ਨੇ ਨਾਗਰਿਕਾਂ ਅਤੇ ਸਹਾਇਤਾ ਕਰਮਚਾਰੀਆਂ ਵਿੱਚ ਭੰਬਲਭੂਸਾ ਪੈਦਾ ਕਰ ਦਿੱਤਾ ਜੋ ਪਹਿਲਾਂ ਹੀ ਇਜ਼ਰਾਈਲੀ ਹਵਾਈ ਹਮਲਿਆਂ ਤੋਂ ਬਚਦੇ ਫਿਰ ਰਹੇ ਹਨ ਅਤੇ ਪੂਰਨ ਘੇਰਾਬੰਦੀ ਅਤੇ ਬਿਜਲੀ ਦੇ ਬਲੈਕਆਊਟ ਨਾਲ ਜੂਝ ਰਹੇ ਹਨ।ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਭਿਆਨਕ ਹਮਲੇ ਨੂੰ ਸੱਤ ਦਿਨ ਬੀਤ ਗਏ ਹਨ। ਦੋਵਾਂ ਧਿਰਾਂ ਵੱਲੋਂ ਇੱਕ ਦੂਸਰੇ ਉੱਪਰ ਮਿਜ਼ਾਈਲ ਅਤੇ ਰਾਕੇਟ ਦਾਗਣ ਦਾ ਸਿਲਸਿਲਾ ਜਾਰੀ ਹੈ ਅਤੇ ਆਮ ਲੋਕ ਪਨਾਹ ਲੈਣ ਅਤੇ ਖਾਣ-ਪੀਣ ਦੀਆਂ ਬੁਨਿਆਦੀ ਜ਼ਰੂਰਤਾਂ ਲਈ ਜੂਝ ਰਹੇ ਹਨ।

ਹਮਾਸ ਹਮਲੇ ਵਿਚ ਇਜ਼ਰਾਈਲ ਦੇ 1,300 ਤੋਂ ਵੱਧ ਲੋਕ ਮਾਰੇ ਜਾ ਚੁੁੱਕੇ ਹਨ, ਜਿਸ ਵਿਚ 247 ਇਜ਼ਰਾਈਲੀ ਫ਼ੌਜੀ ਵੀ ਸ਼ਾਮਲ ਹਨ। ਇਜ਼ਰਾਈਲ ਅਨੁਸਾਰ ਹਮਾਸ ਦੇ ਇਜ਼ਰਾਈਲ ਅੰਦਰ 1,500 ਲੜਾਕੇ ਮਾਰੇ ਜਾ ਚੁੱਕੇ ਹਨ ਅਤੇ ਗਾਜ਼ਾ ਵਿਚ ਵੀ ਸੈਂਕੜੇ ਹਮਾਸ ਮੈਂਬਰਾਂ ਨੂੰ ਮਾਰਿਆ ਜਾ ਚੁੱਕਾ ਹੈ। ਹਮਾਸ ਨੇ ਕਰੀਬ 150 ਲੋਕਾਂ ਨੂੰ ਬੰਧਕ ਬਣਾਇਆ ਹੋਇਆ ਹੈ। ਇਜ਼ਰਾਈਲੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਜਦੋਂ ਤੱਕ ਹਮਾਸ ਬੰਧੀਆਂ ਨੂੰ ਰਿਹਾਅ ਨਹੀਂ ਕਰਦਾ ਉਦੋਂ ਤੱਕ ਗਾਜ਼ਾ ਦੀ ਮੁਕੰਮਲ ਘੇਰਾਬੰਦੀ ਜਾਰੀ ਰਹੇਗੀ। ਮੁਕੰਮਲ ਘੇਰਾਬੰਦੀ ਦੌਰਾਨ ਇਜ਼ਰਾਈਲ ਨੇ ਗਾਜ਼ਾ ਵਿਚ ਬਿਜਲੀ, ਪਾਣੀ ਅਤੇ ਖਾਣ-ਪੀਣ ਦੀ ਸਪਲਾਈ ਰੋਕੀ ਹੋਈ ਹੈ।

ਇਜ਼ਰਾਈਲੀ ਫ਼ੌਜ ਵੱਲੋਂ ਸ਼ੁੱਕਰਵਾਰ ਸਵੇਰੇ ਭੇਜੇ ਆਦੇਸ਼ ਵਿਚ ਗਾਜ਼ਾ ਸ਼ਹਿਰ ਦੇ ਵਸਨੀਕਾਂ ਨੂੰ ਦੱਖਣ ਵੱਲ ਭੀੜੇ ਤੱਟਵਰਤੀ ਇਲਾਕੇ ਵੱਲ ਕੂਚ ਕਰਨ ਲਈ ਆਖਿਆ ਗਿਆ ਹੈ। ਇਜ਼ਰਾਈਲ ਨੇ ਕਿਹਾ ਕਿ ਉਸ ਨੂੰ ਹਮਾਸ ਦੇ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਹੈ, ਜਿਸ ਦਾ ਜ਼ਿਆਦਾਤਰ ਹਿੱਸਾ ਜ਼ਮੀਨ ਦੇ ਹੇਠਾਂ ਦੱਬਿਆ ਹੋਇਆ ਹੈ।