ਮਹਾਰਾਣੀ ਐਲਿਜ਼ਾਬੈਥ ॥ ਦੇ ਗੱਦੀ ਸੰਭਾਲਣ ਦੇ 70ਸਾਲ ਪੂਰੇ ਹੋਣ ਮੌਕੇ ਬ੍ਰਿਟੇਨ ‘ਚ ਮਿਲਟਰੀ ਪਰੇਡ, ਜਸ਼ਨ ਸਮਾਰੋਹਾਂ ਤੇ ਪਲੈਟੀਨਮ ਜੁਬਲੀ ਲਈ ਇੱਕ ਨਵੀਂ ਮਠਿਆਈ ਬਣਾਉਣ ਸਬੰਧੀ ਇਕ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ।ਇਹ ਜਾਣਕਾਰੀ ਬਕਿੰਘਮ ਪੈਲੇਸ ਨੇ ਸੋਮਵਾਰ ਨੂੰ ਦਿੱਤੀ। ਮਹਾਰਾਣੀ ਐਲਿਜ਼ਾਬੇਥ 6 ਫਰਵਰੀ ਨੂੰ ਸੱਤ ਦਹਾਕਿਆਂ ਤੱਕ ਰਾਜ ਕਰਨ ਵਾਲੀ ਬ੍ਰਿਟੇਨ ਦੀ ਪਹਿਲੀ ਮਹਾਰਾਣੀ ਬਣ ਜਾਵੇਗੀ।
ਦੱਸ ਦਈਏ ਕਿ ਵਰ੍ਹੇਗੰਢ ਮਨਾਉਣ ਵਾਲੇ ਤਿਉਹਾਰ 2 ਤੋਂ 5 ਜੂਨ ਤੱਕ ਹੋਣ ਵਾਲੇ ਸਮਾਗਮਾਂ ਨਾਲ ਸਮਾਪਤ ਹੋਣਗੇ। ਡਾਕਟਰਾਂ ਨੇ ਮਹਾਰਾਣੀ (95) ਨੂੰ ਵਧੇਰੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿਹੜੇ ਸਮਾਗਮਾਂ ‘ਚ ਸ਼ਾਮਲ ਹੋਵੇਗੀ। ਇਸ ਹਫ਼ਤੇ ਮਹਾਰਾਣੀ ਦੇ ਸਨਮਾਨ ‘ਚ ਜਨਤਕ ਛੁੱਟੀ ਦਾ ਇੱਕ ਵਾਧੂ ਦਿਨ ਵੀ ਹੋਵੇਗਾ। ਵੀਕਐਂਡ ਦੀ ਸ਼ੁਰੂਆਤ ਵੀ 2 ਜੂਨ ਨੂੰ ਸਾਲਾਨਾ ਮਿਲਟਰੀ ਪਰੇਡ ਨਾਲ ਹੋਵੇਗੀ। ਜਿਸ ਤੋਂ ਬਾਅਦ 3 ਜੂਨ ਨੂੰ ਬ੍ਰਿਟੇਨ, ਇਸਦੇ ਹੋਰ ਖੇਤਰਾਂ ਤੇ ਰਾਸ਼ਟਰਮੰਡਲ ਲਈ ਮਹਾਰਾਣੀ ਦੀਆਂ ਸੇਵਾਵਾਂ ਦਾ ਸਨਮਾਨ ਕਰਨ ਲਈ ਇੱਕ ਸਮਾਗਮ ਹੋਵੇਗਾ। ਇਸ ਦੇ ਦੌਰਾਨ ਮਹਾਰਾਣੀ ਦੇ ਮਹਿਲ ਵਿੱਚ ‘ਪਲੈਟੀਨਮ ਪੁਡਿੰਗ’ ਮੁਕਾਬਲਾ ਵੀ ਕਰਵਾਇਆ ਜਾਵੇਗਾ। ਜੇਤੂ ਪਕਵਾਨ ਵੀਕੈਂਡ ਦੇ ਸਮਾਗਮਾਂ ‘ਚ ਸ਼ਾਮਲ ਕੀਤਾ ਜਾਵੇਗਾ।