GTA News Media

Top Info Bar
22.1°C Toronto Loading date...
World

ਸੁਨੀਲ ਜਾਖੜ ਨੇ ਗੁਰਪਤਵੰਤ ਪੰਨੂ ਖਿਲਾਫ US ਤੋਂ ਐਕਸ਼ਨ ਦੀ ਕੀਤੀ ਮੰਗ

ਸੁਨੀਲ ਜਾਖੜ ਨੇ ਗੁਰਪਤਵੰਤ ਪੰਨੂ ਖਿਲਾਫ US ਤੋਂ ਐਕਸ਼ਨ ਦੀ ਕੀਤੀ ਮੰਗ
Share this post via:

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਅਮਰੀਕੀ ਪ੍ਰਸ਼ਾਸਨ ਨੂੰ  ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿਣਾ ਚਾਹੀਦਾ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਧਮਕੀਆਂ ਦੇ ਰਿਹਾ ਹੈ।

‘ਐਕਸ’ ‘ਤੇ ਭਾਜਪਾ ਨੇਤਾ ਨੇ ਕਿਹਾ, “ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਅਮਰੀਕੀ ਪ੍ਰਸ਼ਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਸ਼ਰੇਆਮ ਧਮਕੀਆਂ ਦੇਣ ਲਈ ਪੰਨੂ ਵਰਗੇ ਲੋਕਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰਨ ਲਈ ਕਹਿਣਾ ਚਾਹੀਦਾ ਹੈ।”

ਭਾਜਪਾ ਆਗੂ ਨੇ ਅਮਰੀਕੀ ਨਿਆਂ ਵਿਭਾਗ ਵੱਲੋਂ ਇੱਕ ਭਾਰਤੀ ਨਾਗਰਿਕ ‘ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਲਾਏ ਗਏ ਦੋਸ਼ਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਅਮਰੀਕਾ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਅਮਰੀਕਾ ਨਾ ਸਿਰਫ਼ ਭਰੋਸੇਯੋਗਤਾ ਗੁਆ ਦੇਵੇਗਾ, ਸਗੋਂ ਦੋਸਤਾਂ ਨੂੰ ਵੀ ਗੁਆ ਦੇਵੇਗਾ।

ਮੀਡੀਆ ਰਿਪੋਰਟਾਂ ਅਨੁਸਾਰ ਪੰਨੂ ਨੇ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੂੰ ਗਣਤੰਤਰ ਦਿਵਸ ਮੌਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੰਨੂ ਨੇ ਗੈਂਗਸਟਰਾਂ ਨੂੰ ਇਕਜੁੱਟ ਹੋ ਕੇ 26 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ‘ਤੇ ਹਮਲਾ ਕਰਨ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਪੰਨੂ 2019 ਤੋਂ NIA ਦੇ ਰਾਡਾਰ ‘ਤੇ ਹੈ, 3 ਫਰਵਰੀ 2021 ਨੂੰ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਵੱਲੋਂ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਪਿਛਲੇ ਸਾਲ ਐੱਨ.ਆਈ.ਏ. ਨੇ ਪੰਨੂ ਦੇ ਅੰਮ੍ਰਿਤਸਰ, ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸਥਿਤ ਘਰ ਅਤੇ ਜ਼ਮੀਨ ਨੂੰ ਜ਼ਬਤ ਕੀਤਾ ਸੀ।