ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੀ ਭਾਰਤੀ ਮੂਲ ਦੀ ਆਗੂ ਨਿੱਕੀ ਹੈਲੀ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਦਾਅਵੇਦਾਰੀ ਲਈ ਬੁੱਧਵਾਰ ਨੂੰ ਰਸਮੀ ਤੌਰ ’ਤੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣੇ ਆਪ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੁਕਾਬਲਾ ਕਰਨ ਲਈ ਨੌਜਵਾਨ ਅਤੇ ਤਾਜ਼ਾ ਬਦਲ ਵਜੋਂ ਪੇਸ਼ ਕੀਤਾ ਹੈ। ਹੇਲੀ ਦੱਖਣੀ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹਿ ਚੁੱਕੀ ਹੈ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਸੀ।
ਦੱਖਣੀ ਕੈਰੋਲੀਨਾ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਨਿੱਕੀ ਹੈਲੀ ਨੇ ਕਿਹਾ ਕਿ ਮੈਂ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਲਈ ਚੋਣ ਲੜ ਰਹੀ ਹਾਂ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਉਤਰਾਅ-ਚੜ੍ਹਾਅ ਵਿੱਚੋਂ ਲੰਘਦਾ ਹੈ ਤਾਂ ਦੁਨੀਆ ਘੱਟ ਸੁਰੱਖਿਅਤ ਹੋ ਜਾਂਦੀ ਹੈ ਅਤੇ ਅੱਜ ਸਾਡੇ ਦੁਸ਼ਮਣ ਸੋਚਦੇ ਹਨ ਕਿ ਅਮਰੀਕਾ ਦਾ ਦੌਰ ਬੀਤ ਗਿਆ ਹੈ। ਉਹ ਗਲਤ ਹਨ। ਹੇਲੀ ਨੇ ਕਿਹਾ, “ਜੇਕਰ ਅਸੀਂ 20ਵੀਂ ਸਦੀ ਦੇ ਸਿਆਸਤਦਾਨਾਂ ‘ਤੇ ਭਰੋਸਾ ਕਰਨਾ ਜਾਰੀ ਰੱਖਿਆ, ਤਾਂ ਅਸੀਂ 21ਵੀਂ ਸਦੀ ਦੀਆਂ ਲੜਾਈਆਂ ਨਹੀਂ ਜਿੱਤ ਸਕਾਂਗੇ। ਅਤੇ ਇਸ ਲਈ, ਮੈਂ ਐਲਾਨ ਕਰਦੀ ਹਾਂ। ਪਰਵਾਸੀਆਂ ਦੀ ਧੀ ਹੋਣ ਦੇ ਨਾਤੇ, ਇੱਕ ਲੜਾਕੂ ਯੋਧੇ ਦੀ ਮਾਣਮੱਤੀ ਪਤਨੀ ਦੇ ਰੂਪ ਵਿੱਚ ਤੇ ਦੋ ਸ਼ਾਨਦਾਰ ਬੱਚਿਆਂ ਦੀ ਮਾਂ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਖੜ੍ਹੀ ਹਾਂ।” ਉਸ ਦੀ ਰਸਮੀ ਘੋਸ਼ਣਾ ਦਾ ਮਤਲਬ ਹੈ ਕਿ ਉਹ ਨਾਮਜ਼ਦਗੀ ਲਈ 76 ਸਾਲਾ ਟਰੰਪ ਦਾ ਮੁਕਾਬਲਾ ਕਰਨ ਵਾਲੀ ਪਹਿਲੀ ਦਾਅਵੇਦਾਰ ਹੋਵੇਗੀ। ਜ਼ਿਕਰਯੋਗ ਹੈ ਕਿ ਹੇਲੀ ਅਤੇ ਟਰੰਪ ਦੋਵੇਂ ਹੀ ਰਿਪਬਲਿਕਨ ਪਾਰਟੀ ਤੋਂ ਹਨ।