ਮਿਸੀਸਾਗਾ (ਚਮਕੌਰ ਸਿੰਘ ਮਾਛੀਕੇ)- ਉਂਟਾਰੀੳ ਖਾਲਸਾ ਦਰਬਾਰ (ਡਿਕਸੀ ਗੁਰੂਘਰ) ਮਿਸੀਸਾਗਾ ਦੇ ਹਾਲ ਨੰਬਰ 5 ਵਿੱਚ ਗੁਰੂ ਨਾਨਕ ਫਾਉਂਡੇਸਨ ਆੱਫ ਕੈਨੇਡਾ ਵੱਲੋਂ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਚ ਕਲਾਸੀਕਲ ਕੀਰਤਨ ਮੁਕਾਬਲੇ ਕਰਵਾਏ ਗਏ । ਫਾਊਂਡੇਸਨ ਦੇ ਬੁਲਾਰੇ ਭਾਈ ਮੇਜਰ ਸਿੰਘ ਨਾਗਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਉਨ੍ਹਾਂ ਦਾ 16ਵਾਂ ਕੀਰਤਨ ਕੰਪੀਟੀਸ਼ਨ ਸੀ । ਇਸ ਤੋਂ ਪਹਿਲਾਂ ਕੋਵਿਡ ਦੌਰਾਨ ਦੋ ਵਾਰ ਇਹ ਕੰਪੀਟੀਸ਼ਨ ਆਨ-ਲਾਈਨ ਕਰਵਾਏ ਗਏ ਸਨ । ਉਹਨਾਂ ਦੱਸਿਆ ਕਿ ਕੋਵਿਡ ਤੋਂ ਬਾਅਦ ਇਹ ਪਹਿਲਾਂ ਫਿਜੀਕਲ ਕੀਰਤਨ ਕੰਪੀਟੀਸ਼ਨ ਸੀ ਜਿਸ ਵਿੱਚ 15 ਜੱਥਿਆਂ ਨੇ ਭਾਗ ਲਿਆ , ਬੱਚਿਆਂ ਵੱਲੋਂ ਬਹੁਤ ਹੀ ਵਧੀਆ ਸ਼ਬਦ ਗਾਇਨ ਕੀਤੇ ਗਏ । ਆਏ ਹੋਏ ਸਿੱਖ ਵਿਦਵਾਨਾਂ ਨੇ ਆਪਣੇ ਵਿਚਾਰ ਰੱਖੇ ਅਤੇ ਕੀਰਤਨ ਚ ਪਾਰਟੀਸਪੇਟ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ । ਪ੍ਰਬੰਧਕਾਂ ਵੱਲੋਂ ਪੰਜਾਬੀ ਕਮਿਊਨਟੀ ਨੂੰ ਅਪੀਲ ਵੀ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਅਤੇ ਕਲਾਸੀਕਲ ਕੀਰਤਨ ਨਾਲ ਜੋੜੋ । ਇਸ ਨਾਲ ਬੱਚੇ ਦਾ ਮਾਨਸਿਕ ਅਤੇ ਬੌਧਿਕ ਵਿਕਾਸ ਹੋਣ ਦੇ ਨਾਲ ਨਾਲ ਜੀਵਨ ਦੀ ਜਾਂਚ ਅਤੇ ਆਪਣੀ ਵਿਰਾਸਤ ਦਾ ਗਿਆਨ ਹੁੰਦਾ ਹੈ । ਪ੍ਰਬੰਧਕਾਂ ਅਨੁਸਾਰ ਇਸ ਫਾਊਂਡੇਸਨ ਵੱਲੋਂ ਸਲਾਨਾ ਪਿਕਨਿਕ , ਸਲਾਨਾ ਕਾਰ ਰੈਲੀ ਅਤੇ ਕੀਰਤਨ ਕੰਪੀਟੀਸ਼ਨ ਕਰਵਾਏ ਜਾਂਦੇ ਹਨ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਫਾਊਂਡੇਸਨ ਨਾਲ ਜੁੜਨ ਤਾਂ ਜੋ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਸਮਰਪਿਤ ਇਹ ਕਾਰਜ ਭਵਿੱਖ ਚ ਹੋਰ ਵੀ ਬੇਹਤਰ ਢੰਗ ਨਾਲ ਕਰਵਾਏ ਜਾ ਸਕਣ ।